ਫਲ, ਸਬਜ਼ੀ, ਅੰਡੇ ਸਸਤੇ ਹੋਣ ਨਾਲ ਫ਼ਰਵਰੀ 'ਚ ਘੱਟ ਹੋਈ ਥੋਕ ਮਹਿੰਗਾਈ
ਫਲ, ਸਬਜ਼ੀ, ਚਾਹ, ਅੰਡੇ ਸਮੇਤ ਦਾਲਾਂ, ਕਣਕ ਅਤੇ ਮੱਕੀ ਵਰਗੇ ਅਨਾਜ ਦੇ ਸਸਤੇ ਹੋ ਜਾਣ ਨਾਲ ਫ਼ਰਵਰੀ ਮਹੀਨੇ ਵਿਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਘੱਟ
ਨਵੀਂ ਦਿੱਲੀ: ਫਲ, ਸਬਜ਼ੀ, ਚਾਹ, ਅੰਡੇ ਸਮੇਤ ਦਾਲਾਂ, ਕਣਕ ਅਤੇ ਮੱਕੀ ਵਰਗੇ ਅਨਾਜ ਦੇ ਸਸਤੇ ਹੋ ਜਾਣ ਨਾਲ ਫ਼ਰਵਰੀ ਮਹੀਨੇ ਵਿਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਘੱਟ ਕੇ 2.26 ਫ਼ੀ ਸਦੀ ਰਹਿ ਗਈ। ਸੋਮਵਾਰ ਨੂੰ ਜਾਰੀ ਅਧਿਕਾਰਤ ਅੰੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਸਾਲ ਜਨਵਰੀ ਵਿਚ ਇਹ ਅੰਕੜਾ 3.1 ਫ਼ੀ ਸਦੀ ਸੀ। ਸਾਲ ਭਰ ਭਾਵ ਫ਼ਰਵਰੀ 2019 ਵਿਚ ਇਹ 2.93 ਫ਼ੀ ਸਦੀ 'ਤੇ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਦੇ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਫ਼ਰਵਰੀ 2020 ਵਿਚ ਖਾਦ ਸਮੱਗਰੀ ਦੀ ਥੋਕ ਮਹਿੰਗਾਈ ਜਨਵਰੀ 2020 ਦੇ 11.51 ਫ਼ੀ ਸਦੀ ਤੋਂ ਘੱਟ ਕੇ 7.79 ਫ਼ੀ ਸਦੀ 'ਤੇ ਆ ਗਈ। ਇਸੀ ਤਰ੍ਹਾਂ ਆਲੂ ਅਤੇ ਪਿਆਜ਼ ਦੀ ਥੋਕ ਮਹਿੰਗਾਈ ਵੀ ਜਨਵਰੀ 2020 ਦੇ 293.37 ਫ਼ੀ ਸਦੀ ਅਤੇ 87.84 ਫ਼ੀ ਸਦੀ ਤੋਂ ਘੱਟ ਕੇ ਫ਼ਰਵਰੀ 2020 ਵਿਚ ਕ੍ਰਮਵਾਰ
: 162.30 ਫ਼ੀ ਸਦੀ ਅਤੇ 60.73 ਫ਼ੀ ਸਦੀ 'ਤੇ ਆ ਗਈ। ਹਾਲਾਂਕਿ ਸਮੁੰਦਰੀ ਮਛਲੀ ਅਤੇ ਝੋਟੇ ਦਾ ਮਾਸ ਪੰਜ-ਪੰਜ ਫ਼ੀ ਸਦੀ, ਪਾਨ ਦੇ ਪੱਤੇ ਚਾਰ ਫ਼ੀ ਸਦੀ, ਮੂੰਗ ਅਤੇ ਮੁਰਗੇ ਤਿੰਨ-ਤਿੰਨ ਫ਼ੀ ਸਦੀ, ਬੱਕਰੇ ਦਾ ਮਾਸ ਦੋ ਫ਼ੀ ਸਦੀ ਅਤੇ ਜੌ, ਰਾਜਮਾ ਅਤੇ ਅਰਹਰ ਇਕ ਇਕ ਫ਼ੀ ਸਦੀ ਮਹਿੰਗੇ ਹੋਏ ਹਨ। ਤੇਲ ਅਤੇ ਬਿਜਲੀ ਖੇਤਰ ਵਿਚ ਥੋਕ ਮਹਿੰਗਾਈ ਘੱਟ ਕੇ 3.38 ਫ਼ੀ ਸਦੀ ਅਤੇ ਖਾਦ ਸਮੱਗਰੀ ਘੱਟ ਕੇ 6.82 ਫ਼ੀ ਸਦੀ 'ਤੇ ਆ ਗਈ।