ਥੋਕ ਮਹਿੰਗਾਈ ਚਾਰ ਸਾਲ ਦੇ ਸੱਭ ਤੋਂ ਉਪਰਲੇ ਪੱਧਰ 'ਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਥੋਕ ਮੁੱਲ ਸੂਚਕਅੰਕ 'ਤੇ ਆਧਾਰਤ ਮਹਿੰਮਾਈ ਦਰ ਜੂਨ 'ਚ ਵੱਧ ਕੇ 5.77 ਫ਼ੀ ਸਦੀ 'ਤੇ ਪਹੁੰਚ ਗਈ ਜੋ ਇਸ ਦਾ ਪਿਛਲੇ ਚਾਰ ਸਾਲ ਦਾ ਸੱਭ ਤੋਂ ਉੱਪਰਲਾ ਪੱਧਰ ਹੈ.............

Samples of Pulses

ਨਵੀਂ ਦਿੱਲੀ:  ਥੋਕ ਮੁੱਲ ਸੂਚਕਅੰਕ 'ਤੇ ਆਧਾਰਤ ਮਹਿੰਮਾਈ ਦਰ ਜੂਨ 'ਚ ਵੱਧ ਕੇ 5.77 ਫ਼ੀ ਸਦੀ 'ਤੇ ਪਹੁੰਚ ਗਈ ਜੋ ਇਸ ਦਾ ਪਿਛਲੇ ਚਾਰ ਸਾਲ ਦਾ ਸੱਭ ਤੋਂ ਉੱਪਰਲਾ ਪੱਧਰ ਹੈ। ਮੁੱਖ ਤੌਰ 'ਤੇ ਸਬਜ਼ੀਆਂ ਅਤੇ ਬਾਲਣ ਮਹਿੰਗਾ ਹੋਣ ਕਰ ਕੇ ਮਹਿੰਗਾਈ ਦਾ ਦਬਾਅ ਵਧਿਆ ਹੈ। ਮਹਿੰਗਾਈ ਦਰ ਦਾ ਦਬਾਅ ਵਧਣ ਨਾਲ ਭਾਰਤੀ ਰਿਜ਼ਰਵ ਬੈਂਕ ਅਪਣੀਆਂ ਨੀਤੀਗਤ ਦਰਾਂ ਨੂੰ ਵਧਾ ਸਕਦਾ ਹੈ। ਆਰ.ਬੀ.ਆਈ. ਦੀ ਮੁਦਰਾ ਨੀਤੀ ਬਾਰੇ ਕਮੇਟੀ ਦੀ ਬੈਠਕ ਇਸੇ ਮਹੀਨੇ ਦੇ ਅਖ਼ੀਰ 'ਚ ਹੋਣ ਵਾਲੀ ਹੈ। ਮਈ 'ਚ ਥੋਕ ਮੁੱਲ ਸੂਚਕ ਅੰਕ 'ਤੇ ਆਧਾਰਤ ਮਹਿੰਗਾਈ ਦਰ 4.43 ਫ਼ੀ ਸਦੀ ਅਤੇ ਪਿਛਲੇ ਸਾਲ ਜੂਨ 'ਚ ਇਹ 0.90 ਫ਼ੀ ਸਦੀ ਸੀ।

ਜੂਨ 'ਚ ਮਹਿੰਗਾਈ ਦਰ ਦਸੰਬਰ 2013 ਤੋਂ ਬਾਅਦ ਸੱਭ ਤੋਂ ਜ਼ਿਆਦਾ ਹੈ। ਉਸ ਸਮੇਂ ਇਹ ਦਰ 5Ê9 ਫ਼ੀ ਸਦੀ ਸੀ।  ਪਿਛਲੇ ਹਫ਼ਤੇ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਹੋਏ ਸਨ ਜੋ ਕਿ ਪਿਛਲੇ ਪੰਜ ਮਹੀਨਿਆਂ 'ਚ ਸੱਭ ਤੋਂ ਜ਼ਿਆਦਾ ਪੰਜ ਫ਼ੀ ਸਦੀ ਰਹੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਮੁਦਰਾ ਨੀਤੀ ਨੂੰ ਤੈਅ ਕਰਨ 'ਚ ਰਿਜ਼ਰਵ ਬੈਂਕ ਮੁੱਖ ਤੌਰ 'ਤੇ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਪ੍ਰਯੋਗ ਕਰਦਾ ਹੈ। ਅੱਜ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਖਾਣ-ਪੀਣ ਵਾਲੀਆਂ ਵਸਤਾਂ ਦੇ ਵਰਗ 'ਚ ਮਹਿੰਮਾਈ ਦਰ ਜੂਨ 2018 'ਚ 1.80 ਫ਼ੀ ਸਦੀ ਰਹੀ ਜੋ ਮਈ 'ਚ 1.60 ਫ਼ੀ ਸਦੀ ਸੀ। 

ਸਬਜ਼ੀਆਂ ਦੀਆਂ ਕੀਮਤਾਂ ਸਾਲਾਨਾ ਆਧਾਰ 'ਤੇ 8.12 ਫ਼ੀ ਸਦੀ ਉੱਚੀਆਂ ਰਹੀਆਂ। ਬਿਜਲੀ ਅਤੇ ਬਾਲਣ ਖੇਤਰ 'ਚ ਮਹਿੰਗਾਈ ਦਰ ਜੂਨ 'ਚ ਵੱਧ ਕੇ 16.18 ਫ਼ੀ ਸਦੀ ਹੋ ਗਈ ਜੋ ਮਈ 'ਚ 11.22 ਫ਼ੀ ਸਦੀ ਸੀ। ਇਸ ਦਾ ਮੁੱਖ ਕਾਰਨ ਕੋਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਵਧਣਾ ਹੈ। ਇਸ ਦੌਰਾਨ ਆਲੂ ਦੀਆਂ ਕੀਮਤਾਂ ਪਹਿਲਾਂ ਮੁਕਾਬਲੇ 99.02 ਫ਼ੀ ਸਦੀ ਉੱਚੀਆਂ ਰਹੀਆਂ। ਹਾਲਾਂਕਿ ਦਾਲਾਂ ਦੀਆਂ ਕੀਮਤਾਂ 'ਚ ਕਮੀ ਬਣੀ ਹੋਈ ਹੈ। ਜੂਨ 'ਚ ਦਾਲਾਂ ਦੀਆਂ ਕੀਮਤਾਂ ਸਾਲਾਨਾ ਆਧਾਰ 'ਤੇ 20.23 ਫ਼ੀ ਸਦੀ ਘੱਟ ਗਈਆਂ ਸਨ। 

ਰੇਟਿੰਗ ਏਜੰਸੀ ਇਨਫ਼ਰਾ ਦੀ ਪ੍ਰਧਾਨ ਅਰਥਸ਼ਾਸਤਰੀ ਆਦਿਤਿ ਨਾਇਰ ਨੇ ਕਿਹਾ ਹੈ ਕਿ ਕੱਚੇ ਤੇਲ ਪਿੱਛੇ ਵਧੀਆ ਕੀਮਤਾਂ ਦਾ ਅਸਰ ਜੂਨ ਮਹੀਨੇ 'ਚ ਦਿਸਿਆ ਹੈ। ਦੂਜੇ ਪਾਸੇ ਥੋਕ ਮਹਿੰਗਾਈ ਦਰ ਵਧਣ ਕਰ ਕੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕ ਵੀ ਥੋੜ੍ਹੇ ਚੌਕਸ ਦਿਸੇ ਅਤੇ ਬੈਂਕ, ਦਵਾਈ ਅਤੇ ਧਾਤ ਕੰਪਨੀਆਂ ਦੇ ਸ਼ੇਅਰਾਂ 'ਚ ਵਿਕਰੀ ਦੇ ਜ਼ੋਰ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ ਕਰੀਬ 218 ਅੰਕ ਜਾਂ 0.60 ਫ਼ੀ ਸਦੀ ਦੀ ਗਿਰਾਵਟ ਨਾਲ 36,323.77 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 82 ਅੰਕ ਦੇ ਨੁਕਸਾਨ ਨਾਲ 11,000 ਅੰਕ ਤੋਂ ਹੇਠਾਂ ਆ ਗਿਆ। 

ਉਧਰ ਰਿਜ਼ਰਵ ਬੈਂਕ ਦੀ ਅਗਲੀ ਨੀਤੀਗਤ ਬੈਠਕ 'ਚ ਵਿਆਜ ਦਰ 'ਚ ਇਕ ਵਾਰੀ ਮੁੜ ਵਾਧੇ ਦੇ ਸ਼ੱਕ ਕਰ ਕੇ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਤੇ ਅਸਰ ਪਿਆ। ਰੁਪਏ 'ਚ ਪਿਛਲੇ ਤਿੰਨ ਦਿਨਾਂ ਤੋਂ ਚਲਦੀ ਤੇਜ਼ੀ ਵੀ ਅੱਜ ਰੁਕ ਗਈ ਅਤੇ ਅਮਰੀਕੀ ਮੁਦਰਾ ਮੁਕਾਬਲੇ ਇਹ ਕਰੀਬ ਦੋ ਹਫ਼ਤਿਆਂ ਦੇ ਸੱਭ ਤੋਂ ਉੱਚੇ ਪੱਧਰ 'ਤੇ ਆ ਗਿਆ। ਡਾਲਰ ਦੀ ਤਾਜ਼ਾ ਮੰਗ ਨਿਕਲਣ ਨਾਲ ਰੁਪਏ ਦੀ ਵਟਾਂਦਰਾ ਦਰ ਅੱਜ ਚਾਰ ਪੈਸੇ ਡਿੱਗ ਕੇ 68.577 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।  (ਪੀਟੀਆਈ)