ਬੇਮੌਸਮੇ ਮੀਂਹ ਨੇ ਝੰਬੇ ਕਿਸਾਨ, ਅਗਲੇ 48 ਘੰਟੇ ਤਕ ਹੋਰ ਮੀਂਹ ਪੈਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਕੀਆਂ ਕਣਕਾਂ ਖੇਤਾਂ 'ਚ ਡਿੱਗੀਆਂ, ਵਾਢੀ ਮਹਿੰਗੀ ਹੋਣ ਦੇ ਨਾਲ ਨਾਲ ਝਾੜ 'ਤੇ ਵੀ ਪਵੇਗਾ ਅਸਰ

Rain

ਚੰਡੀਗੜ੍ਹ : ਪੱਛਮ ਤੋਂ ਪੂਰਬ ਵਲ ਚੱਲੀਆਂ ਤੇਜ਼ ਹਵਾਵਾਂ ਨੇ ਪਿਛਲੇ 24 ਘੰਟਿਆਂ ਵਿਚ ਸੂਬੇ ਦੇ ਮੌਸਮ ਦਾ ਮਿਜ਼ਾਜ ਬਦਲ ਕੇ ਰੱਖ ਦਿਤਾ। ਪੱਛਮੀ ਗੜਬੜੀ ਦੇ ਨਾਂ ਨਾਲ ਜਾਂਦੀ ਇਸ ਤਬਦੀਲੀ ਕਾਰਨ ਪਏ ਬੇਮੌਸਮੇ ਮੀਂਹ ਅਤੇ ਹਨੇਰੀ-ਝੱਖੜ ਕਾਰਨ ਪੱਕੀਆਂ ਖੜੀਆਂ ਕਣਕਾਂ ਖੇਤਾਂ 'ਚ ਹੀ ਵਿਛ ਗਈਆਂ। ਮੌਸਮ ਦੀ ਇਸ ਮਾਰ ਕਾਰਨ ਅੰਨਦਾਤਾ, ਜਿਹੜਾ ਪਹਿਲਾਂ ਹੀ ਵਿੱਤੀ ਸੰਕਟ ਦਾ ਸ਼ਿਕਾਰ ਹੈ, ਹੁਣ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਪਹਿਲਾਂ ਤੋਂ ਕਈ ਮਾਰਾਂ ਝਲਦਾ ਕਿਸਾਨ ਇਕ ਵਾਰ ਫਿਰ ਬੁਰੀ ਤਰ੍ਹਾਂ ਝੰਬਿਆ ਗਿਆ ਹੈ।

ਦੁਖੀ ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇ ਤਾਕਿ ਉਨ੍ਹਾਂ ਨੂੰ ਕੁੱਝ ਰਾਹਤ ਮਿਲ ਸਕੇ। ਬੀਤੀ ਰਾਤ ਜਿਥੇ ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਦੀ ਜਾਨ ਨੂੰ ਸੁੱਕਣੇ ਪਾਈ ਰਖਿਆ ਉਥੇ ਹੀ ਅੱਜ ਬਾਅਦ ਦੁਪਹਿਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਆਏ ਮੀਂਹ ਨੇ ਥੋੜ੍ਹੀਆਂ-ਮੋਟੀਆਂ ਖੜੀਆਂ ਕਣਕਾਂ ਨੂੰ ਵੀ ਡੇਗ ਦਿਤਾ। ਫ਼ਿਰੋਜ਼ਪੁਰ ਤੇ ਆਸ ਪਾਸ ਦੇ ਇਲਾਕੇ ਵਿਚ ਪਿਛਲੇ 24 ਘੰਟਿਆਂ ਤੋਂ ਰੁੱਕ ਰੁੱਕ ਕੇ ਪੈ ਰਹੀਆਂ ਕਣੀਆਂ ਤੋਂ ਬਾਅਦ ਅੱਜ ਦੇਰ ਰਾਤ 11 ਵਜੇ ਤੋਂ ਸ਼ੁਰੂ ਹੋਈ ਭਾਰੀ ਬਰਸਾਤ ਨਾਲ ਜਿਥੇ ਤਾਪਮਾਨ ਵਿੱਚ ਗਿਰਾਵਟ ਆਈ ਹੈ ਉਥੇ ਪੱਕਣ 'ਤੇ ਆਈਆਂ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਦਿਹਾਤੀ ਖੇਤਰ 'ਚੋਂ ਵੀ ਭਾਰੀ ਮੀਂਹ ਦੀ ਖ਼ਬਰ ਹੈ। ਇਸ ਦੇ ਨਾਲ ਹੀ ਮੁਕਤਸਰ ਸਾਹਿਬ, ਸੰਗਰੂਰ, ਬਰਨਾਲਾ, ਗੁਰਦਾਸਪੁਰ, ਬਠਿੰਡਾ, ਮੋਹਾਲੀ ਸਮੇਤ ਲਗਭਗ ਸਾਰੇ ਸੂਬੇ 'ਚੋਂ ਭਾਰੀ ਤੇ ਦਰਮਿਆਨੇ ਮੀਂਹ ਦੀਆਂ ਖ਼ਬਰਾਂ ਹਨ।

ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਮੀਂਹ ਬੰਦ ਹੋ ਗਿਆ ਹੈ ਕਿਉਂਕਿ ਮੌਸਮ ਵਿਭਾਗ ਨੇ ਇਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ ਜਿਸ ਤਹਿਤ ਅਗਲੇ ਚਾਰ ਦਿਨਾਂ ਵਿਚ ਤੇਜ਼ ਹਵਾਵਾਂ ਤੇ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਇਸ ਦਾ ਕਾਰਨ ਪਛਮੀ ਗੜਬੜੀ ਦੱਸ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਪੰਜਾਬ 'ਤੇ ਭਾਰੀ ਰਹਿ ਸਕਦੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਤੇਜ਼ ਹਵਾਵਾਂ ਤੇ ਰੁਕ ਰੁਕ ਕੇ ਬਾਰਸ਼ ਦਾ ਖ਼ਦਸ਼ਾ ਪ੍ਰਗਟਾਇਆ ਹੈ।  ਮੌਸਮ ਵਿਭਾਗ ਨੇ 18 ਅਪ੍ਰੈਲ ਨੂੰ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਦਿਤੀ ਹੈ। ਇੰਨਾ ਹੀ ਨਹੀਂ, ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਸ਼ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। 

ਅਜੇ ਤਕ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ : ਡਾਇਰੈਕਟਰ ਖੇਤੀਬਾੜੀ ਦਾਅਵਾ
ਪਿਛਲੇ 24 ਘੰਟਿਆਂ ਤੋਂ ਸਾਰੇ ਪੰਜਾਬ 'ਚ ਹੀ ਰੁਕ ਰੁਕ ਕੇ ਬਾਰਸ਼ ਹੋਣ ਨਾਲ ਰਾਜ ਦੇ ਬਹੁਤੇ ਹਿੱਸਿਆਂ 'ਚ ਕਣਕ ਦੀ ਫ਼ਸਲ ਲੰਮੀ ਪੈ ਗਈ ਹੈ। ਫ਼ਸਲ ਲੰਮੀ ਪੈਣ ਨਾਲ ਬੇਸ਼ੱਕ ਕਣਕ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪ੍ਰੰਤੂ ਕਣਕ ਦੇ ਝਾੜ ਉਪਰ ਇਸ ਦਾ ਅਸਰ ਜ਼ਰੂਰ ਹੋਵੇਗਾ। ਇਸ ਸਬੰਧੀ ਪੰਜਾਬ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਸੁਤੰਤਰ ਕੁਮਾਰ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ ਪੰਜਾਬ ਦੇ ਸਾਰੇ ਹਿੱਸਿਆਂ ਵਿਚ ਹੀ ਬਾਰਸ਼ ਪਈ ਹੈ ਪਰੰਤੂ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਸ਼ ਦੇ ਨਾਲ ਤੇਜ਼ ਹਵਾ ਚੱਲਣ ਕਾਰਨ ਕੁੱਝ ਖੇਤਾਂ 'ਚ ਕਣਕ ਦੀ ਫ਼ਸਲ ਲੰਮੀ ਪੈ ਗਈ ਹੈ।

ਮਸ਼ੀਨਾਂ ਨਾਲ ਕਟਾਈ 'ਚ ਜ਼ਰੂਰ ਕੁੱਝ ਮੁਸ਼ਕਲ ਆਵੇਗੀ ਪਰੰਤੂ ਫ਼ਸਲ ਦਾ ਕੋਈ ਖ਼ਾਸ ਨੁਕਸਾਨ ਨਹੀਂ। ਪਰੰਤੂ ਵੱਖ ਵੱਖ ਹਿੱਸਿਆਂ ਤੋਂ ਮਿਲੀ ਸੂਚਨਾ ਅਨੁਸਾਰ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਲੰਮੀ ਪੈਣ ਨਾਲ ਕਣਕ ਦਾ ਝਾੜ ਘਟੇਗਾ ਅਤੇ ਲੰਮੀ ਪਈ ਕਣਕ ਦੀ ਕਟਾਈਲਈ ਮਸ਼ੀਨਾਂ ਵਾਲੇ ਕਟਾਈ ਦਾ ਕਿਰਾਇਆ ਵੀ ਜ਼ਿਆਦਾ ਮੰਗਣਗੇ। ਡਾਇਰੈਕਟਰ ਖੇਤੀਬਾੜੀ ਦਾ ਕਹਿਣਾ ਹੈ ਕਿ ਇਸ ਸਾਲ ਕਣਕ ਦੇ ਉਤਪਾਦਨ ਦਾ 180 ਟਨ ਦਾ ਟੀਚਾ ਅਤੇ ਉਸ 'ਚ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਦਸਿਆ ਕਿ ਬਾਰਸ਼ ਪੈਣ ਕਾਰਨ ਕਣਕ ਦੀ ਕਟਾਈ 'ਚ ਤਿੰਨ ਚਾਰ ਦਿਨ ਦੀ ਦੇਰੀ ਜ਼ਰੂਰ ਹੋਵੇਗੀ ਪਰੰਤੂ ਉਤਪਾਦਨ 'ਚ ਕਮੀ ਦੀ ਕੋਈ ਸੰਭਾਵਨਾ ਨਹੀਂ।