ਦੇਸ਼ ਵਿਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲੇ, 13 ਹਜ਼ਾਰ ਤੋਂ ਪਾਰ ਪਹੁੰਚੀ ਮਰੀਜ਼ਾਂ ਦੀ ਗਿਣਤੀ
ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 13,387 ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 1,749 ਲੋਕ ਕੋਰੋਨਾ ਤੋਂ ਮੁਕਤ ਹੋਏ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 437 ਲੋਕਾਂ ਦੀ ਮੌਤ ਹੋਈ ਹੈ।
ਕੋਰੋਨਾ ਦੇ ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਦਿਨਾਂ ਦੌਰਾਨ ਇਸ ਵਿਚ ਵਾਧਾ ਹੋਇਆ ਹੈ। ਬੁੱਧਵਾਰ ਨੂੰ 11.41 ਪ੍ਰਤੀਸ਼ਤ, ਵੀਰਵਾਰ ਨੂੰ 12.02 ਪ੍ਰਤੀਸ਼ਤ ਅਤੇ ਸ਼ੁੱਕਰਵਾਰ ਨੂੰ ਇਕ ਰਿਕਵਰੀ ਰੇਟ ਵਧ ਕੇ 13,06 ਪ੍ਰਤੀਸ਼ਤ ਹੋ ਗਿਆ। ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਜਿੱਥੇ ਕੋਰੋਨਾ ਪੀੜਤਾਂ ਦਾ ਅੰਕੜਾ ਤਿੰਨ ਹਜ਼ਾਰ ਪਾਰ ਕਰ ਗਿਆ ਹੈ।
ਇਹਨਾਂ ਵਿਚੋਂ 2 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਿਰਫ ਮੁੰਬਈ ਦੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਮੁੰਬਈ ਵਿਚ ਵੀਰਵਾਰ ਨੂੰ 107 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਹਾਲੇ ਵੀ ਦੁਨੀਆ ਭਰ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਅਮਰੀਕਾ ਤੋਂ ਇਲਾਵਾ ਬੀਤੇ ਦੋ ਦਿਨਾਂ ਤੋਂ ਫਰਾਂਸ ਵਿਚ ਵੀ ਵੱਡੀ ਗਿਣਤੀ ‘ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਸਿਲਸਿਲਾ ਵੀਰਵਾਰ ਨੂੰ ਵੀ ਜਾਰੀ ਰਿਹਾ ਅਤੇ ਦੁਨੀਆ ਭਰ ਵਿਚ ਕੋਰੋਨਾ (ਕੋਵਿਡ 19) ਦੇ ਲਗਭਗ 95000 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੁੱਲ ਕੇਸ 21,81,000 ਤੋਂ ਵੱਧ ਹੋ ਗਏ ਹਨ। ਵੀਰਵਾਰ ਨੂੰ ਦੁਨੀਆ ਭਰ ਵਿਚ ਲਗਭਗ 7000 ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਹੁਣ ਮਰਨ ਵਾਲਿਆਂ ਦੀ ਕੁੱਲ ਗਿਣਤੀ 1,45,466 ਤੱਕ ਪਹੁੰਚ ਗਈ ਹੈ।
ਦੱਸ ਦਈਏ ਕਿ ਵਿਸ਼ਵ ਭਰ ਵਿਚ ਕੋਰੋਨਾ ਦੇ 15 ਲੱਖ ਤੋਂ ਵੱਧ ਐਕਟਿਵ ਕੇਸ ਹਨ ਜਦਕਿ ਲਗਭਗ 57000 ਲੋਕਾਂ ਦੀ ਸਥਿਤੀ ਅਜੇ ਵੀ ਚਿੰਤਾਜਨਕ ਹੈ। ਤਕਰੀਬਨ 5,47,000 ਲੋਕ ਕੋਰੋਨਾ ਨੂੰ ਮਾਤ ਦੇ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਆਏ ਹਨ।