'ਕੋਰੋਨਾ' ਮਹਾਮਾਰੀ ਦੇ ਖ਼ਾਤਮੇ ਲਈ ਇਕ ਪਾਸੇ ਵਿਗਿਆਨੀ ਅਤੇ ਦੂਜੇ ਪਾਸੇ ਅੰਧ-ਵਿਸ਼ਵਾਸ!
'ਜੇ ਵਿਗਿਆਨ ਦੇ ਰਾਹ ਵਿਚ ਆਈ ਸ਼ਰਧਾ ਤਾਂ ਮਹਾਮਾਰੀ ਤੋਂ ਬਚਣਾ ਮੁਸ਼ਕਲ'
ਨਿਊਯਾਰਕ, 16 ਅਪ੍ਰੈਲ: ਦੁਨੀਆਂ ਭਰ ਵਿਚ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਨਾਲ ਡਾਕਟਰੀ ਅਤੇ ਵਿਗਿਆਨਕ ਪੱਧਰ 'ਤੇ ਨਜਿੱਠਣ ਲਈ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ ਪਰ ਕੁੱਝ ਲੋਕਾਂ ਨੂੰ ਸ਼ਰਧਾ ਦਾ ਜਨੂੰਨ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਰੱਬ ਦੁਨੀਆਂ ਨੂੰ ਇਸ ਮਹਾਮਾਰੀ ਤੋਂ ਨਿਜਾਤ ਦਿਵਾ ਦੇਵੇਗਾ। ਲਗਭਗ ਸਾਰੇ ਧਰਮ ਇਕ ਥਾਂ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾਉਣ ਲਈ ਕਹਿ ਰਹੇ ਹਨ ਪਰ ਕੁੱਝ ਧਾਰਮਕ ਆਗੂ ਅਜਿਹਾ ਨਹੀਂ ਕਰ ਰਹੇ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀਗਤ ਤੌਰ 'ਤੇ ਅਰਦਾਸ ਕਰਨ ਜਾਂ ਪੂਜਾ-ਪਾਠ ਕਰਨ ਨਾਲ ਇਸ ਮਹਾਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਕੁੱਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਸ਼ਰਧਾ ਵਿਗਿਆਨ ਤੋਂ ਉਪਰ ਹੈ ਅਤੇ ਇਹੋ ਲਾਗ ਨੂੰ ਖ਼ਤਮ ਕਰੇਗੀ। ਤਨਜ਼ਾਨੀਆ ਦੇ ਰਾਸ਼ਟਰਪਤੀ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ 'ਈਸਾ ਮਸੀਹ ਦੇ ਸਰੀਰ ਵਿਚ ਨਹੀਂ ਬੈਠ ਸਕਦਾ।' ਇਜ਼ਰਾਈਲ ਦੇ ਸਿਹਤ ਮੰਤਰੀ ਨੇ ਕਰਫ਼ੀਊ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਸੀ ਕਿ 'ਮਸੀਹਾ ਆਉਣਗੇ ਅਤੇ ਸਾਨੂੰ ਬਚਾਉਣਗੇ।' ਉਘੇ ਮੁਸਲਿਮ ਮਿਸ਼ਨਰੀ ਟਰੱਸਟ ਨੇ ਦਿੱਲੀ ਵਿਚ ਅਪਣੇ ਸ਼ਰਧਾਲੂਆਂ ਦਾ ਇਕੱਠ ਕੀਤਾ ਅਤੇ ਟਰੱਸਟ ਉਤੇ ਬੀਮਾਰੀ ਫੈਲਾਉਣ ਦਾ ਦੋਸ਼ ਲੱਗਾ।
ਈਸਾਈਆਂ ਦੇ ਬਹੁਤਾਤ ਵਾਲੇ ਤਨਜ਼ਾਨੀਆ ਦੇ ਰਾਸ਼ਟਰਪਤੀ ਜੌਨ ਮੈਗੁਫੁਲੀ ਨੇ ਪਿਛਲੇ ਮਹੀਨੇ ਗਿਰਜਾ ਘਰ ਵਿਚ ਹੋਈ ਸਭਾ ਵਿਚ ਕਿਹਾ ਸੀ ਕਿ ਉਹ 'ਇਥੇ ਆਉਣ ਤੋਂ ਡਰਦੇ ਨਹੀਂ ਕਿਉਂਕਿ ਸ਼ਰਧਾ ਨਾਲ ਵਾਇਰਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।' ਇਜ਼ਰਾਈਲ ਦੇ ਸਿਹਤ ਮੰਤਰੀ ਯਾਕੋਵ ਲਿਤਜਮੈਨ ਨੇ ਸਿਨੇਗੌਗ ਅਤੇ ਹੋਰ ਧਾਰਮਕ ਸੰਸਥਾਵਾਂ ਨੂੰ ਲੋਕਾਂ ਦੀ ਭੀੜ ਇਕੱਠੀ ਹੋਣ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਛੋਟ ਦੇਣ 'ਤੇ ਜ਼ੋਰ ਦਿਤਾ। ਖ਼ਬਰਾਂ ਮੁਤਾਬਕ ਇਕ ਦੂਜੇ ਤੋਂ ਦੂਰ ਰਹਿਣ ਦੇ ਨਿਯਮ ਦੀ ਪਾਲਣਾ ਨਾ ਕਰਨ ਕਰਕੇ ਬਾਅਦ ਵਿਚ ਉਹ ਖ਼ੁਦ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ।
ਉਧਰ, ਭਾਰਤ ਵਿਚ ਤਬਲੀਗ਼ੀ ਜਮਾਤ 'ਤੇ ਵਾਇਰਸ ਫੈਲਾਉਣ ਦਾ ਦੋਸ਼ ਲੱਗ ਰਿਹਾ ਹੈ। ਇਸ ਜਮਾਤ ਦੇ ਮੁਖੀ ਮੌਲਾਨਾ ਸਾਦ ਨੇ ਕਿਹਾ ਸੀ, 'ਉਹ ਕਹਿੰਦੇ ਹਨ ਕਿ ਇਕ ਮਸਜਿਦ ਵਿਚ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਲਾਗ ਫੈਲ ਜਾਵੇਗੀ ਜੋ ਗ਼ਲਤ ਹੈ। ਜੇ ਤੁਸੀਂ ਮਸਜਿਦ ਵਿਚ ਜਾ ਕੇ ਮਰ ਜਾਂਦੇ ਹੋ ਤਾਂ ਇਹ ਮਰਨ ਲਈ ਸੱਭ ਤੋਂ ਚੰਗੀ ਥਾਂ ਹੈ।' (ਏਜੰਸੀ)