ਸਿਹਤ ਮੰਤਰੀ ਨੇ ਕਿਹਾ- ਵੈਕਸੀਨ ਦੀ ਕੋਈ ਕਮੀ ਨਹੀਂ, ਸੂਬਿਆਂ ਕੋਲ 1.58 ਕਰੋੜ ਖੁਰਾਕਾਂ ਮੌਜੂਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬਿਆਂ ਨੂੰ ਵੈਕਸੀਨ ਦੀਆਂ 14 ਕਰੋੜ 15 ਲੱਖ ਖੁਰਾਕਾਂ ਸਪਲਾਈ ਕੀਤੀਆਂ - ਡਾ. ਹਰਸ਼ਵਰਧਨ

Dr. Harsh Vardhan

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਵਾਇਰਸ ਟੀਕਿਆਂ ਦੇ ਉਤਪਾਦਨ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਭਾਰਤ ਵਿਚ ਟੀਕਿਆਂ ਦੀ ਕੋਈ ਕਮੀ ਨਹੀਂ ਹੈ, ਸੂਬਿਆਂ ਕੋਲ ਇਕ ਕਰੋੜ 58 ਲੱਖ ਖੁਰਾਕਾਂ ਹਨ।

ਦਰਅਸਲ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀਡੀਓ ਕਾਨਫਰੰਸ ਜ਼ਰੀਏ 11 ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਕੋਰੋਨਾ ਵਾਇਰਸ ਦੀ ਸਥਿਤੀ ’ਤੇ ਬੈਠਕ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਦੇਸ਼ ਵਿਚ ਅੱਜ ਸਵੇਰ ਤੱਕ ਸੂਬਿਆਂ ਨੂੰ ਵੈਕਸੀਨ ਦੀਆਂ 14 ਕਰੋੜ 15 ਲੱਖ ਖੁਰਾਕਾਂ ਸਪਲਾਈ ਕੀਤੀਆਂ ਗਈਆਂ। ਬਰਬਾਦ ਹੋਈਆਂ ਖੁਰਾਕਾਂ ਨੂੰ ਮਿਲਾ ਕੇ ਸਾਰੇ ਸੂਬਿਆਂ ਨੇ ਲਗਭਗ 12,57,18,000 ਵੈਕਸੀਨ ਦੀਆਂ ਖੁਰਾਕਾਂ ਦੀ ਵਰਤੋਂ ਕੀਤੀ ਹੈ।

ਡਾ. ਹਰਸ਼ਵਰਧਨ ਨੇ ਅੱਗੇ ਕਿਹਾ ਕਿ ਇਸ ਸਮੇਂ ਸੂਬਿਆਂ ਕੋਲ ਇਕ ਕਰੋੜ 58 ਲੱਖ ਖੁਰਾਕਾਂ ਹਨ ਅਤੇ ਵੈਕਸੀਨ ਦੀਆਂ 1,16,84,000 ਖੁਰਾਕਾਂ ਸਪਲਾਈ ਅਧੀਨ ਹਨ। ਉਹਨਾਂ ਕਿਹਾ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖਤਰਨਾਕ ਸਾਬਿਤ ਹੋ ਰਹੀ ਹੈ।

ਸਿਹਤ ਮੰਤਰਾਲੇ ਦੀ ਤਾਜ਼ਾ ਰੀਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 2,34,692 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ  1,45,26,609 ਤੱਕ ਪਹੁੰਚ ਗਈ ਹੈ। ਜਦਕਿ 16 ਲੱਖ ਤੋਂ ਵੱਧ ਲੋਕ ਹਾਲੇ ਵੀ ਕੋਰੋਨਾ ਦੀ ਚਪੇਟ ਵਿਚ ਹਨ। ਬੀਤੇ 24 ਘੰਟਿਆਂ ਦੌਰਾਨ 1,341 ਲੋਕਾਂ ਦੀ ਮੌਤ ਹੋਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 1,75,649  ਹੋ ਗਈ ਹੈ।