ਕੋਰੋਨਾ ਨੂੰ ਲੈ ਕੇ ਸਰਕਾਰ ’ਤੇ ਭੜਕੀ ਸੋਨੀਆ ਗਾਂਧੀ, ਕਿਹਾ ਤਿਆਰੀਆਂ ਲਈ ਇਕ ਸਾਲ ਦਾ ਸਮਾਂ ਸੀ ਪਰ...

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੀਆ ਗਾਂਧੀ ਨੇ ਕਿਹਾ ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਦੂਜੀ ਲਹਿਰ ਨੇ ਦੇਸ਼ ਨੂੰ ਬੁਰੀ ਤਰ੍ਹਾਂ ਅਪਣੀ ਚਪੇਟ ਵਿਚ ਲੈ ਲਿਆ ਹੈ

Sonia Gandhi Slams Centre Over Covid

ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਸੋਨੀਆ ਗਾਂਧੀ ਨੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੈਦਾ ਹੋਏ ਹਾਲਾਤ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਕਾਂਗਰਸ ਪ੍ਰਧਾਨ ਨੇ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਕੋਲ ਤਿਆਰੀਆਂ ਲਈ ਇਕ ਸਾਲ ਦਾ ਸਮਾਂ ਸੀ ਪਰ ਅਫ਼ਸੋਸ ਕਿ ਦੇਸ਼ ਅੱਜ ਫਿਰ ਉਸ ਸਥਿਤੀ ਵਿਚ ਹੈ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਹਾਂਮਾਰੀ ਖਿਲਾਫ਼ ਲੜਾਈ ਇਕ ਅਜਿਹੀ ਰਾਸ਼ਟਰੀ ਚੁਣੌਤੀ ਹੈ, ਜਿਸ ਨੂੰ ਸਿਆਸਤ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ, ‘ਅਸੀਂ ਇਸ ਗੱਲ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਨੂੰ ਬੁਰੀ ਤਰ੍ਹਾਂ ਅਪਣੀ ਚਪੇਟ ਵਿਚ ਲੈ ਲਿਆ ਹੈ। ਤਿਆਰੀਆਂ ਲਈ ਇਕ ਸਾਲ ਹੋਣ ਦੇ ਬਾਵਜੂਦ ਵੀ ਦੁੱਖ ਹੈ ਕਿ ਅਸੀਂ ਫਿਰ ਉਸੇ ਸਥਿਤੀ ਵਿਚ ਫਸ ਚੁੱਕੇ ਹਾਂ’।

ਇਸ ਤੋਂ ਇਲਾਵਾ ਸੋਨੀਆ ਗਾਂਧੀ ਨੇ ਦੇਸ਼ ਵਿਚ ਮੈਡੀਕਲ ਆਕਸੀਜਨ, ਹਸਪਤਾਲਾਂ ਵਿਚ ਬੈੱਡ ਅਤੇ ਵੈਕਸੀਨ ਦੀ ਕਮੀ ਨੂੰ ਦੂਰ ਕਰਨ ਲਈ ਕੀਤੀਆਂ ਜਾ ਰਹੀਆਂ ਮੰਗਾਂ ਦੇ ਚਲਦਿਆਂ ‘ਪੀਐਮ ਮੋਦੀ ਦੀ ਚੁੱਪੀ’ ਦੀ ਨਿਖੇਧੀ ਕੀਤੀ। ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਟੀਕਾਕਰਨ ਦੀ ਉਮਰ 25 ਸਾਲ ਕਰਨੀ ਚਾਹੀਦੀ ਹੈ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ, ‘ਉਹਨਾਂ ਨੇ ਮੁੱਖ ਮੰਤਰੀਆਂ ਨੂੰ ਮਿਲਣ ਤੋਂ ਬਾਅਦ ਪੀਐਮ ਮੋਦੀ ਨੂੰ ਚਿੱਠੀ ਲਿਖੀ, ਉਹਨਾਂ ਦੇ ਮੁੱਖ ਮੰਤਰੀਆਂ ਨੇ ਵੀ ਪੀਐਮ ਨਾਲ ਗੱਲ ਕੀਤੀ ਅਤੇ ਸਬੰਧਤ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ। ਕਈ ਸੂਬਿਆਂ ਵਿਚ ਬਸ ਕੁਝ ਦਿਨ ਲਈ ਵੈਕਸੀਨ, ਆਕਸੀਜਨ ਅਤੇ ਵੈਂਟੀਲੇਟਰ ਬਚੇ ਸੀ ਪਰ ਸਰਕਾਰ ਚੁੱਪੀ ਧਾਰੀ ਬੈਠੀ ਹੈ। ਦੂਜੇ ਪਾਸੇ ਕੁਝ ਸੂਬਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ’।

ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਕੋਰੋਨਾ ਨਾਲ ਨਜਿੱਠਣ ਲਈ ਜ਼ਰੂਰੀ ਮੈਡੀਕਲ ਉਪਕਰਨਾਂ ਅਤੇ ਦਵਾਈਆਂ ਨੂੰ ਜੀਐਸਟੀ ਮੁਕਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਲਾਗ ਦੇ ਪ੍ਰਸਾਰ ’ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਗਰੀਬਾਂ ਨੂੰ ਪ੍ਰਤੀ ਮਹੀਨਾ 6000 ਰੁਪਏ ਦੀ ਮਦਦ ਦੇਣੀ ਚਾਹੀਦੀ ਹੈ।