ਚੀਨ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨਾਲ ਕੀਤਾ ਸੰਪਰਕ, ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਕੀਤੀ ਗੱਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਿਤੀ ਨੂੰ ਵਿਗੜਣ ਤੋਂ ਬਚਾਣ ਲਈ ਤਾਲਮੇਲ ਵਧਾਉਣ 'ਤੇ ਦਿਤਾ ਜ਼ੋਰ

Indo china

ਨਵੀਂ ਦਿੱਲੀ : ਸਰਹੱਦ 'ਤੇ ਬਣੇ ਤਣਾਅਪੂਰਨ ਹਾਲਾਤਾਂ ਦਰਮਿਆਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫ਼ੋਨ ਜ਼ਰੀਏ ਸੰਪਰਕ ਕੀਤਾ ਹੈ। ਗੱਲਬਾਤ ਦੌਰਾਨ ਚੀਨੀ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਦੋਹਾਂ ਪੱਖਾਂ ਨੂੰ ਸਰਹੱਦੀ ਖੇਤਰ 'ਚ ਸ਼ਾਂਤੀ ਬਣਾਈ ਰੱਖਣ ਲਈ ਮਤਭੇਦਾਂ ਦੇ ਹੱਲ  ਲਈ ਸੰਚਾਰ ਅਤੇ ਤਾਲਮੇਲ ਮਜਬੂਤ ਕਰਨਾ ਚਾਹੀਦਾ ਹੈ। ਸੋਮਵਾਰ ਰਾਤ ਨੂੰ ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਝੜਪ ਤੋਂ ਬਾਅਦ ਦੋਹਾਂ ਮੰਤਰੀਆਂ ਦੀ ਫ਼ੋਨ 'ਤੇ ਇਹ ਪਹਿਲੀ ਗੱਲਬਾਤ ਹੈ।

ਸੋਮਵਾਰ ਰਾਤ ਨੂੰ ਹੋਈ ਇਸ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸੇ ਦੌਰਾਨ ਚੀਨ ਵਾਲੇ ਪਾਸੇ ਵੀ ਇਕ ਕਮਾਂਡਿੰਗ ਅਫ਼ਸਰ ਤੋਂ ਇਲਾਵਾ 40 ਦੇ ਕਰੀਬ ਫ਼ੌਜੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਝੜਪ ਨੂੰ ਪਿਛਲੇ ਪੰਜ ਦਹਾਕਿਆਂ ਦੌਰਾਨ ਹੋਈ ਸਭ ਤੋਂ ਵੱਡੀ ਝੜਪ ਮੰਨਿਆ ਜਾ ਰਿਹਾ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਵਾਂਗ ਨੇ ਕਿਹਾ ਹੈ ਕਿ ਦੋਹਾਂ ਪੱਖਾਂ ਨੂੰ ਦੋਹਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਬਣੀਆਂ ਮਹੱਤਵਪੂਰਨ ਸਹਿਮਤੀਆਂ ਦਾ ਪਾਲਣਾ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਮਾਧਿਅਮਾਂ ਨਾਲ ਸਰਹੱਦੀ ਹਾਲਾਤ ਨੂੰ ਸਹੀ ਤਰੀਕੇ ਨਾਲ ਸੰਭਾਲਣ ਲਈ  ਸੰਚਾਰ ਅਤੇ ਤਾਲਮੇਲ ਨੂੰ ਮਜਬੂਤ ਕਰਨਾ ਚਾਹੀਦਾ ਹੈ।

ਬਿਆਨ ਮੁਤਾਬਕ ਦੋਹਾਂ ਪੱਖਾਂ ਨੇ ਗਲਤਾਨ ਘਾਟੀ ਵਿਚ ਝੜਪ ਕਾਰਨ ਬਣੀ ਸਥਿਤੀ ਨਾਲ ਸਹੀ ਤਰੀਕੇ ਨਾਲ ਨਜਿੱਠਣ ਅਤੇ ਦੋਹਾਂ ਪੱਖਾਂ ਵਿਚਾਲੇ ਮਿਲਟਰੀ ਪੱਧਰ ਦੀਆਂ ਬੈਠਕਾਂ ਵਿਚ ਆਮ ਸਹਿਮਤੀ ਦੇ ਸਾਂਝੇ ਪਾਲਣ 'ਤੇ ਜਿੰਨੀ ਜਲਦੀ ਹੋ ਸਕੇ ਪਿਛਲੇ ਸਮੇਂ ਦੌਰਾਨ ਹੋਏ ਸਮਝੌਤਿਆਂ ਤਹਿਤ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ 'ਤੇ ਸਹਿਮਤੀ ਜ਼ਾਹਰ ਕੀਤੀ ਹੈ।

ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਸਰਹੱਦ 'ਤੇ ਜੋ ਕੁੱਝ ਵੀ ਹੋਇਆ ਹੈ, ਉਹ ਖੇਤਰ 'ਚ ਸਥਿਤੀ ਨੂੰ ਇਕਪਾਸੜ ਤਰੀਕੇ ਨਾਲ ਬਦਲਣ ਦੀਆਂ ਚੀਨੀ ਪੱਖ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਝੜਪ ਕਾਰਨ ਦੋਹਾਂ ਦੇਸ਼ਾਂ ਦੇ ਜਵਾਨ ਜ਼ਖ਼ਮੀ ਹੋਏ ਹਨ, ਜੇਕਰ ਪਹਿਲਾਂ ਹੋਏ ਉਚ ਪੱਧਰੀ ਸਮਝੌਤਿਆਂ ਦਾ ਚੀਨੀ ਪੱਖ ਇਮਾਨਦਾਰੀ ਨਾਲ ਪਾਲਣ ਕਰਦਾ ਤਾਂ ਅਜਿਹੇ ਹਾਲਾਤ ਬਣਨ ਨੂੰ ਰੋਕਿਆ ਜਾ ਸਕਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ