ਭਾਰਤ-ਚੀਨ ਝੜਪ 'ਚ ਪੰਜਾਬ ਦੇ ਚਾਰ ਜਵਾਨਾਂ ਨੇ ਪੀਤਾ ਸ਼ਹੀਦੀ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਭਰ ਅੰਦਰ ਚੀਨ ਖਿਲਾਫ਼ ਗੁੱਸੇ ਦੀ ਲਹਿਰ

China India border

ਚੰਡੀਗੜ੍ਹ : ਭਾਰਤ-ਚੀਨ ਦਰਮਿਆਨ ਸਰਹੱਦ 'ਤੇ ਜਾਰੀ ਰੇੜਕਾ ਹਿੰਸਕ ਰੂਪ ਧਾਰਨ ਕਰ ਚੁੱਕਾ ਹੈ। ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਰਾਤ ਨੂੰ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਜਦਕਿ ਦੂਜੇ ਪਾਸੇ ਚੀਨ ਵਾਲੇ ਪਾਸੇ ਵੀ 40 ਤੋਂ 45 ਦੇ ਕਰੀਬ ਫ਼ੌਜੀਆਂ ਦੇ ਮਾਰੇ ਜਾਣ ਜਾਂ ਏਨੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੀਨ ਵਲੋਂ ਕੀਤੀ ਗਈ ਇਸ ਹਰਕਤ ਤੋਂ ਬਾਅਦ ਪੂਰੇ ਦੇਸ਼ ਅੰਦਰ ਚੀਨ ਖਿਲਾਫ਼ ਗੁੱਸੇ ਦੀ ਲਹਿਰ ਹੈ।

ਫ਼ੌਜ ਵਲੋਂ ਜਿਨ੍ਹਾਂ 20 ਸ਼ਹੀਦ ਫ਼ੌਜੀਆਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਉਸ ਵਿਚ ਪੰਜਾਬ ਦੇ ਚਾਰ ਜਵਾਨ ਵੀ ਸ਼ਾਮਲ ਹਨ। ਫ਼ੌਜ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਪਟਿਆਲਾ ਦੇ ਮਨਦੀਪ ਸਿੰਘ, ਗੁਰਦਾਸਪੁਰ ਦੇ ਸਤਨਾਮ ਸਿੰਘ, ਸੰਗਰੂਰ ਦੇ ਗੁਰਭਿੰਦਰ ਸਿੰਘ ਅਤੇ ਮਾਨਸਾ ਦੇ ਗੁਰਤੇਜ ਸਿੰਘ ਨੇ ਸ਼ਹੀਦੀ ਜਾਮ ਪੀਤਾ ਹੈ।

ਮਾਨਸਾ ਜ਼ਿਲ੍ਹੇ ਦਾ ਸ਼ਹੀਦ ਨੌਜਵਾਨ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਦਾ ਵਾਸੀ ਹੈ। ਸੂਤਰਾਂ ਅਨੁਸਾਰ ਗੁਰਤੇਜ ਸਿੰਘ ਅੰਦਰ ਦੇਸ਼ ਸੇਵਾ ਦੀ ਭਾਵਨਾ ਇੰਨੀ ਪ੍ਰਬਲ ਸੀ ਕਿ ਉਹ ਦੇਸ਼ ਨੂੰ ਸਭ ਤੋਂ ਉਤੇ ਰੱਖਦੇ ਸਨ। ਇਸੇ ਭਾਵਨਾ ਤਹਿਤ ਹੀ ਉਹ ਅਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਵਿਆਹ ਵਿਚ ਸ਼ਾਮਲ ਨਹੀਂ ਸੀ ਹੋ ਸਕਿਆ।

ਪਰਵਾਰਕ ਸੂਤਰਾਂ ਮੁਤਾਬਕ ਉਸਨੇ 20 ਦਿਨ ਪਹਿਲਾ ਪਰਵਾਰ ਨਾਲ ਫ਼ੋਨ 'ਤੇ ਗੱਲ ਕੀਤੀ ਸੀ। ਉਸ ਸਮੇਂ ਉਸਨੇ  ਸਰਹੱਦ 'ਤੇ ਜਾਣ ਬਾਰੇ ਦਸਿਆ ਸੀ, ਜਿਸ ਤੋਂ ਬਾਅਦ ਉਸ ਦਾ ਪਰਵਾਰ ਨਾਲ ਕੋਈ ਸੰਪਰਕ ਨਹੀਂ ਸੀ ਹੋ ਸਕਿਆ। ਆਖ਼ਰੀ ਫ਼ੋਨ ਕਾਲ ਸਮੇਂ ਉਸਦੀ ਪਰਵਾਰ ਨਾਲ ਲੰਮੀ ਗੱਲਬਾਤ ਹੋਈ ਸੀ। ਉਸਨੇ ਪਰਵਾਰ ਨੂੰ ਉਸ ਦੀ ਚਿੰਤਾ ਨਾ ਕਰਨ ਲਈ ਵੀ ਕਿਹਾ ਸੀ। ਵੱਡੇ ਭਰਾ ਦੇ ਵਿਆਹ 'ਚ ਸ਼ਾਮਲ ਨਾ ਹੋਣ ਸਕਣ ਸਬੰਧੀ ਉਸ ਨੇ ਕਿਹਾ ਸੀ ਕਿ ਉਹ ਜਲਦ ਹੀ ਘਰ ਵਾਪਸ ਆਵੇਗਾ ਅਤੇ ਅਪਣੀ ਨਵੀਂ ਭਾਬੀ ਨੂੰ ਵੀ ਮਿਲੇਗਾ।

ਗੁਰਤੇਜ ਸਿੰਘ ਦੇ ਪਿਤਾ ਨੂੰ ਪੁੱਤਰ ਦੇ ਸ਼ਹੀਦ ਹੋਣ ਦੀ ਖ਼ਬਰ ਅੱਜ ਸਵੇਰੇ ਪ੍ਰਾਪਤ ਹੋਈ ਹੈ। ਇਸ ਸਬੰਧੀ ਪਰਵਾਰ ਨੂੰ ਜੰਮੂ ਕਸ਼ਮੀਰ ਤੋਂ ਫ਼ੋਨ ਆਇਆ ਜਿਸ 'ਚ ਗੁਰਤੇਜ ਸਿੰਘ ਦੀ ਸ਼ਹੀਦੀ ਬਾਰੇ ਦਸਿਆ ਗਿਆ। ਗੁਰਤੇਜ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਪਰਵਾਰ ਅੰਦਰ ਵਿਆਹ ਦੀਆਂ ਖ਼ੁਸ਼ੀਆਂ ਵਾਲਾ ਮਾਹੌਲ ਗਮ 'ਚ ਬਦਲ ਗਿਆ ਹੈ। ਪੂਰਾ ਪਿੰਡ ਸੋਕ 'ਚ ਡੁੱਬਿਆ ਹੋਇਆ ਹੈ। ਪਿੰਡ ਦੇ ਪੰਚ ਸੁਰਜੀਤ ਸਿੰਘ ਨੇ ਦਸਿਆ ਕਿ ਸ਼ਹੀਦ ਫ਼ੌਜੀ ਦੀ ਮ੍ਰਿਤਕ ਦੇਹ ਆਉਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ