ਯੂਪੀ ਦੇ ਅਮਰੋਹਾ 'ਚ ਮਾਮੂਲੀ ਵਿਵਾਦ 'ਤੇ ਸਿੱਖ ਨੌਜਵਾਨ ਦੀ ਕੁੱਟਮਾਰ
ਵੱਡੀ ਗਿਣਤੀ ਵਿਚ ਲੋਕਾਂ ਨੇ ਸਿੱਖ ਨੌਜਵਾਨ ਦੀ ਦਸਤਾਰ ਨਾਲ਼ੀ 'ਚ ਸੁੱਟੀ
ਅਮਰੋਹਾ: ਸਿੱਖਾਂ ਵੱਲੋਂ ਭਾਵੇਂ ਦੁਨੀਆ ਭਰ ਵਿਚ ਅੱਗੇ ਹੋ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਐ ਪਰ ਇਸ ਦੇ ਬਾਵਜੂਦ ਸਿੱਖਾਂ 'ਤੇ ਹਮਲਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਤਸਵੀਰਾਂ ਉਤਰ ਪ੍ਰਦੇਸ਼ ਦੇ ਅਮਰੋਹਾ ਵਿਚ ਪੈਂਦੇ ਪਿੰਡ ਸ਼ੇਰਪੁਰ ਦੀ ਹੈ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਕ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਦਸਤਾਰ ਲਾਹ ਕੇ ਨਾਲ਼ੀ ਵਿਚ ਸੁੱਟ ਦਿੱਤੀ।
ਲੋਕਾਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹੈ। ਦਰਅਸਲ ਪਿੰਡ ਦਾ ਇਕ ਨੌਜਵਾਨ ਮੇਥਾ ਲੈ ਕੇ ਜਾ ਰਿਹਾ ਸੀ, ਇਸ ਦੌਰਾਨ ਦੂਜੇ ਪਾਸੇ ਤੋਂ ਆ ਰਹੇ ਸਿੱਖ ਨੌਜਵਾਨ ਨਾਲ ਉਸ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ 'ਤੇ ਸਿੱਖ ਨੌਜਵਾਨ ਨੇ ਦੂਜੇ ਨੌਜਵਾਨ 'ਤੇ ਕਥਿਤ ਤੌਰ 'ਤੇ ਦਾਤੀ ਨਾਲ ਹਮਲਾ ਕਰ ਦਿੱਤਾ।
ਇਸ ਮਗਰੋਂ ਜ਼ਖ਼ਮੀ ਹੋਏ ਨੌਜਵਾਨ ਨੇ ਫ਼ੋਨ ਕਰ ਕੇ ਅਪਣੇ ਹੋਰ ਸਾਥੀਆਂ ਨੂੰ ਮੌਕੇ 'ਤੇ ਬੁਲਾ ਲਿਆ, ਜਿਨ੍ਹਾਂ ਨੇ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਪੱਗੜੀ ਉਤਾਰ ਕੇ ਨਾਲ਼ੀ ਵਿਚ ਸੁੱਟ ਦਿੱਤੀ। ਪੀੜਤ ਸਿੱਖ ਨੌਜਵਾਨ ਨੇ ਇਸ ਮਾਮਲੇ ਨੂੰ ਲੈ ਕੇ ਥਾਣੇ ਵਿਚ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਥਾਣਾ ਮੰਡੀ ਧਨੌਰਾ ਦੇ ਮੁਖੀ ਸਰਵੇਂਦਰ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਨਾਲ਼ੀ ਵਿਚ ਡਿੱਗੀ ਹੋਈ ਪੱਗ ਨੂੰ ਬਾਹਰ ਕਢਵਾਇਆ।
ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਪੱਗੜੀ ਉਤਾਰਨ ਨੂੰ ਲੈ ਕੇ ਸਥਾਨਕ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹੈ, ਇਸ ਘਟਨਾ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਸਿੱਖਾਂ ਨੇ ਜਿੱਥੇ ਥਾਣਾ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਦੋਸ਼ੀ ਨੌਜਵਾਨ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਵੱਲੋਂ ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।