ਵੈਕਸੀਨ ਮੁੱਦੇ 'ਤੇ ਉਲਝੇ ਅਮਰੀਕਾ,ਕੈਨੇਡਾ ਤੇ ਇੰਗਲੈਂਡ: ਰੂਸ 'ਤੇ ਵੈਕਸੀਨ ਰਿਸਰਚ ਚੋਰੀ ਕਰਨ ਦੇ ਦੋਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲਾਂ ਵੈਕਸੀਨ ਬਣਾਉਣ ਦਾ ਰਿਕਾਰਡ ਅਪਣੇ ਨਾਮ ਕਰਵਾਉਣ ਦੀ ਕੋਸ਼ਿਸ਼ 'ਚ ਕਈ ਦੇਸ਼

Vaccine Research

ਚੰਡੀਗੜ੍ਹ : ਕਰੋਨਾ ਕਾਲ ਦੀ ਸਤਾਈ ਲੋਕਾਈ ਹੁਣ ਇਸ ਤੋਂ ਨਿਜ਼ਾਤ ਪਾਉਣ ਲਈ ਤਰਲੋਮੱਛੀ ਹੋ ਰਹੀ ਹੈ। ਲੌਕਡਾਊਨ ਅਤੇ ਹੋਰ ਅਤਿਆਤੀ ਕਦਮ ਚੁੱਕਣ ਦੇ ਨਾਲ-ਨਾਲ ਦੁਨੀਆਂ ਭਰ ਦੇ ਦੇਸ਼ ਕਰੋਨਾ ਵੈਕਸੀਨ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸ ਦੇ ਬਾਵਜੂਦ ਕਰੋਨਾ ਰੂਪੀ ਜਿੰਨ ਨੂੰ ਕਾਬੂ ਕਰਨ ਲਈ ਅਜੇ ਤਕ ਕੋਈ ਉਪਾਅ ਹੱਥ ਨਹੀਂ ਲੱਗ ਸਕਿਆ।

ਭਾਵੇਂ ਵੈਕਸੀਨ ਬਣਾਉਣ ਜਾਂ ਬਣਾਉਣ ਦੇ ਨੇੜੇ ਪਹੁੰਚਣ ਦੇ ਦਾਅਵੇ ਕਈ ਮੁਲਕ ਕਰ ਚੁੱਕੇ ਹਨ, ਪਰ ਇਨ੍ਹਾਂ ਦਾਅਵਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸ਼ਾਇਦ ਅਜੇ ਵਕਤ ਲੱਗੇਗਾ। ਹੁਣ ਕਰੋਨਾ ਵੈਕਸੀਨ ਨੂੰ ਸਭ ਤੋਂ ਪਹਿਲਾਂ ਬਣਾਉਣ ਦੀ ਦੌੜ 'ਚ ਸ਼ਾਮਲ ਦੇਸ਼ ਇਕ-ਦੂਜੇ ਸਿਰ ਵੈਕਸੀਨ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਾਉਣ ਲੱਗ ਪਏ ਹਨ। ਇਨ੍ਹਾਂ ਨੇ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਵਰਗੇ ਮੁਲਕ ਸ਼ਾਮਲ ਹਨ। ਇਨ੍ਹਾਂ ਮੁਲਕਾਂ ਨੇ ਰੂਸ 'ਤੇ ਵੈਕਸੀਨ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਦੇ ਦਾਅਵੇ ਮੁਤਾਬਕ ਰੂਸ ਮੈਡੀਕਲ ਸੰਗਠਨਾਂ ਅਤੇ ਯੂਨੀਵਰਸਿਟੀਜ਼ 'ਤੇ ਸਾਇਬਰ ਹਮਲੇ ਕਰਕੇ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਦੂਜੇ ਪਾਸੇ ਕ੍ਰੇਮਲਿਨ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਅਮਰੀਕਾ ਤੇ ਬ੍ਰਿਟੇਨ ਤੋਂ ਇਲਾਵਾ ਰੂਸ ਨੇ ਵੀ ਦਾਅਵਾ ਕੀਤਾ ਕਿ ਉਸ ਦੀ ਕੋਰੋਨਾ ਵੈਕਸੀਨ ਸ਼ੁਰੂਆਤੀ ਟ੍ਰਾਇਲ 'ਚ ਅਸਰਦਾਰ ਸਾਬਿਤ ਹੋਈ ਹੈ। ਤਿੰਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਇੰਟਲੈਕਚੁਅਲ ਪ੍ਰਾਪਰਟੀ ਚੋਰੀ ਕਰਨ ਦੀ ਕੋਸ਼ਿਸ਼ 'ਚ ਸਾਇਬਰ ਹਮਲੇ ਕਰ ਰਿਹਾ ਹੈ ਤਾਂ ਕਿ ਉਹ ਸਭ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਬਰਾਬਰ ਹੀ ਕੋਰੋਨਾ ਵੈਕਸੀਨ ਵਿਕਸਿਤ ਕਰ ਸਕੇ।

ਇਨ੍ਹਾਂ ਤਿੰਨਾਂ ਦੇਸ਼ਾਂ ਵਲੋਂ ਅੱਜ (ਵੀਰਵਾਰ ਨੂੰ) ਜਾਰੀ ਕੀਤੇ ਗਏ ਇਕ ਸਾਂਝੇ ਬਿਆਨ 'ਚ ਦਾਅਵਾ ਕੀਤਾ ਕਿ APT29 (Cozy Bear) ਨਾਮ ਦੇ ਇਸ ਹੈਕਿੰਗ ਗਰੁੱਪ ਨੇ ਅਭਿਆਨ ਛੇੜਿਆ ਹੋਇਆ ਹੈ। ਸਿਕਿਓਰਟੀ ਚੀਫ ਦਾ ਦਾਅਵਾ ਹੈ ਕਿ ਇਹ ਗਰੁੱਪ ਰੂਸ ਦੀਆਂ ਖੁਫੀਆ ਏਜੰਸੀਆਂ ਦਾ ਹਿੱਸਾ ਹੈ ਤੇ ਕ੍ਰੇਮਲਿਨ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸਹਿਯੋਗੀਆਂ ਨਾਲ ਮਿਲ ਕੇ ਇਨ੍ਹਾਂ ਹਮਲਿਆਂ ਦੇ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਦੀ ਚਿਤਾਵਨੀ ਵੀ ਦਿਤੀ ਹੈ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੀਆਂ ਸੰਸਥਾਵਾਂ 'ਤੇ ਰੂਸ ਦੀਆਂ ਖੁਫੀਆਂ ਏਜੰਸੀਆਂ ਦੇ ਹਮਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬ੍ਰਿਟੇਨ ਦੇ ਨੈਸ਼ਨਲ ਸਾਇਬਰ ਸਿਕਿਓਰਟੀ ਸੈਂਟਰ ਮੁਤਾਬਕ  Cozy Bear ਰੂਸ ਦੀ ਖੁਫੀਆ ਏਜੰਸੀਆਂ ਦਾ ਹਿੱਸਾ ਹੈ। ਨੈਸ਼ਨਲ ਸਾਇਬਰ ਸਿਕਿਓਰਟੀ ਸੈਂਟਰ ਮੁਤਾਬਕ ਇਨ੍ਹਾਂ ਹਮਲਿਆਂ 'ਚ ਸਰਕਾਰੀ, ਕੂਟਨੀਤਕ, ਥਿੰਕ-ਟੈਂਕ, ਹੈਲਥਕੇਅਰ ਤੇ ਐਨਰਜੀ ਨਾਲ ਜੁੜੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕਿ ਇੰਟਲੈਕਚੁਅਲ ਪ੍ਰਾਪਰਟੀ ਚੋਰੀ ਕੀਤੀ ਜਾ ਸਕੇ। ਇਸ ਦਾਅਵੇ ਦਾ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਟੀ, ਸਾਇਬਰ ਸਿਕਿਓਰਟੀ ਇੰਫ੍ਰਾਸਟ੍ਰਕਚਰ ਸਿਕਿਓਰਟੀ ਏਜੰਸੀ, ਨੈਸ਼ਨਲ ਸਿਕਿਓਰਟੀ ਏਜੰਸੀ ਅਤੇ ਕੈਨੇਡਾ ਦੇ ਕਮਿਊਨੀਕੇਸ਼ਨ ਸਿਕਿਓਰਟੀ ਇਸਟੈਬਲਿਸ਼ਮੈਂਟ ਨੇ ਵੀ ਸਮਰਥਨ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।