ਚੰਡੀਗੜ੍ਹ 'ਚ ਵਧ ਸਕਦਾ ਹੈ ਪਾਰਕਿੰਗ ਰੇਟ, ਦੇਣੇ ਪੈ ਸਕਦੇ ਹਨ 14 ਦੀ ਬਜਾਏ 20 ਰੁਪਏ
ਨਗਰ ਨਿਗਮ ਦੀ ਮਹੀਨਾਵਾਰ ਮੀਟਿੰਗ 'ਚ ਪ੍ਰਸਤਾਵ ਪੇਸ਼ ਕਰਨ ਦੀ ਤਿਆਰੀ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਇਕ ਵਾਰ ਫਿਰ ਪਾਰਕਿੰਗ ਦੇ ਰੇਟ ਵਧਾ ਸਕਦਾ ਹੈ। ਇਸ ਸਬੰਧੀ ਏਜੰਡਾ ਤਿਆਰ ਕੀਤਾ ਗਿਆ ਹੈ। ਨਗਰ ਨਿਗਮ ਇਸ ਏਜੰਡੇ ਨੂੰ ਅਗਲੀ ਮਹੀਨਾਵਾਰ ਮੀਟਿੰਗ ਵਿਚ ਪੇਸ਼ ਕਰੇਗਾ। ਸਦਨ ਦੀ ਬੈਠਕ 25 ਜੁਲਾਈ ਦੇ ਆਸਪਾਸ ਹੋ ਸਕਦੀ ਹੈ। ਜੇਕਰ ਇਹ ਏਜੰਡਾ ਬਹੁਮਤ ਨਾਲ ਪਾਸ ਹੋ ਜਾਂਦਾ ਹੈ ਤਾਂ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਵਿਚ ਰੇਟ ਵਧ ਜਾਣਗੇ।
ਸ਼ਹਿਰ ਦੀ ਪਾਰਕਿੰਗ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ। ਜ਼ੋਨ-1 ਵਿਚ ਦੱਖਣੀ ਅਤੇ ਪੂਰਬੀ ਸੈਕਟਰਾਂ ਦੇ ਪਾਰਕਿੰਗ ਸਥਾਨ ਸ਼ਾਮਲ ਹਨ। ਜ਼ੋਨ-2 ਵਿਚ ਉੱਤਰੀ ਸੈਕਟਰ ਸ਼ਾਮਲ ਹੈ। ਨਗਰ ਨਿਗਮ ਦੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਵਿਚ ਸਮਾਰਟ ਪਾਰਕਿੰਗ ਸ਼ੁਰੂ ਕਰਾਂਗੇ। ਪਾਰਕਿੰਗ ਰੇਟ ਵਧਾਉਣ ਦਾ ਸਵਾਲ ਹਾਊਸ ਦੀ ਮਹੀਨਾਵਾਰ ਮੀਟਿੰਗ ਵਿਚ ਹੀ ਤੈਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਲੋਹੀਆਂ ਖ਼ਾਸ ਦੇ ਇਨ੍ਹਾਂ ਸਕੂਲਾਂ ਵਿਚ ਦੋ ਦਿਨ ਦੀ ਛੁੱਟੀ ਦਾ ਐਲਾਨ
ਲਿਆਂਦੇ ਜਾ ਰਹੇ ਨਵੇਂ ਪ੍ਰਸਤਾਵ ਮੁਤਾਬਕ 4 ਪਹੀਆ ਵਾਹਨਾਂ ਲਈ ਪਹਿਲੇ 6 ਘੰਟਿਆਂ ਲਈ 20 ਰੁਪਏ, ਜਦੋਂ ਕਿ ਅਗਲੇ 5 ਘੰਟਿਆਂ ਲਈ 40 ਰੁਪਏ ਦਾ ਵਾਧੂ ਰੇਟ ਤੈਅ ਕੀਤਾ ਗਿਆ ਹੈ। ਇਹ ਦੋ ਪਹੀਆ ਵਾਹਨਾਂ ਲਈ 10 ਰੁਪਏ ਅਤੇ ਅਗਲੇ 5 ਘੰਟਿਆਂ ਲਈ 20 ਰੁਪਏ ਹੈ। ਇਸ ਵੇਲੇ ਨਗਰ ਨਿਗਮ ਚਾਰ ਪਹੀਆ ਵਾਹਨਾਂ ਲਈ 14 ਰੁਪਏ ਅਤੇ ਦੋ ਪਹੀਆ ਵਾਹਨਾਂ ਲਈ 7 ਰੁਪਏ ਵਸੂਲੇ ਜਾ ਰਿਹਾ ਹੈ।
ਚੰਡੀਗੜ੍ਹ ਵਿਚ ਪਾਰਕਿੰਗ ਦਾ ਠੇਕਾ ਇਕ ਨਿਜੀ ਕੰਪਨੀ ਨੂੰ ਦਿਤਾ ਗਿਆ ਸੀ ਪਰ ਇਸ ਨੂੰ ਬੰਦ ਕਰਨ ਤੋਂ ਬਾਅਦ ਪਿਛਲੇ 5 ਮਹੀਨਿਆਂ ਤੋਂ ਨਗਰ ਨਿਗਮ ਵਲੋਂ ਸਾਰੀਆਂ ਪਾਰਕਿੰਗਾਂ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਨਗਰ ਨਿਗਮ ਦਾ ਦਾਅਵਾ ਹੈ ਕਿ ਸਮਾਰਟ ਪਾਰਕਿੰਗ ਸਿਸਟਮ ਲਾਗਤ ਵਿਚ ਵਾਧਾ ਕਰੇਗਾ। ਇਸ ਕਾਰਨ ਰੇਟ ਵਧਾਏ ਜਾ ਰਹੇ ਹਨ। ਸਮਾਰਟ ਪਾਰਕਿੰਗ ਤਹਿਤ ਫਾਸਟ ਟੈਗ ਕਾਰਡ ਰਾਹੀਂ ਵੀ ਭੁਗਤਾਨ ਕੀਤਾ ਜਾ ਸਕਦਾ ਹੈ। ਪਾਰਕਿੰਗ ਵਿਚ ਖ਼ਾਲੀ ਥਾਂ ਦਾ ਪਤਾ ਬਾਹਰ ਲੱਗੇ ਡਿਸਪਲੇ ਬੋਰਡ 'ਤੇ ਲੱਗੇਗਾ।