ਬਿਹਾਰ 'ਚ ਆਜ਼ਾਦ ਵਿਧਾਇਕ ਅਨੰਤ ਸਿੰਘ ਦੇ ਘਰ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਕੇ-47, ਗ੍ਰੇਨੇਡ ਤੇ ਕਾਰਤੂਸ ਬਰਾਮਦ

Anant Singh

ਬਿਹਾਰ- ਛੋਟੇ ਸਰਕਾਰ ਦੇ ਨਾਂਅ ਨਾਲ ਮਸ਼ਹੂਰ ਬਿਹਾਰ ਦੇ ਮੋਕਾਮਾ ਤੋਂ ਆਜ਼ਾਦ ਵਿਧਾਇਕ ਅਨੰਤ ਸਿੰਘ ਦੇ ਜੱਦੀ ਘਰ ਤੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਹੋਏ ਹਨ। ਜਦੋਂ ਏਟੀਐਸ ਟੀਮ ਨੇ ਅਨੰਤ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਸ ਨੂੰ ਏਕੇ-47, ਗ੍ਰਨੇਡ ਅਤੇ 26 ਜ਼ਿੰਦਾ ਕਾਰਤੂਸ ਬਰਾਮਦ ਹੋਏ। ਜਿਸ ਮਗਰੋਂ ਏਟੀਐਸ ਟੀਮ ਨੇ ਵਿਧਾਇਕ ਦੇ ਪੂਰੇ ਘਰ ਨੂੰ ਘੇਰਾ ਪਾ ਲਿਆ।

ਇਸ ਗੰਭੀਰ ਮਾਮਲੇ ਦੀ ਜਾਂਚ ਲਈ ਐਨਆਈਏ ਦੀ ਟੀਮ ਵੀ ਰਵਾਨਾ ਹੋ ਗਈ। ਸੂਤਰਾਂ ਮੁਤਾਬਕ ਘਰ ਅੰਦਰ ਇਕ ਪੀਲੇ ਰੰਗਦਾਰ ਕਵਰ ਵਿਚ ਕਾਰਬਨ ਫ਼ਿਲਮ ਦੇ ਅੰਦਰ ਇਹ ਆਧੁਨਿਕ ਅਸਲਾ ਲੁਕਾ ਕੇ ਰੱਖਿਆ ਹੋਇਆ ਸੀ। ਅਸਲੇ ਦੀ ਬਰਾਮਦੀ ਕਾਰਨ ਏਟੀਐਸ ਦੀ ਟੀਮ ਭੰਬਲਭੂਸੇ ਵਿਚ ਹੈ ਕਿਉਂਕਿ ਬਰਾਮਦ ਕੀਤਾ ਗਿਆ ਹਥਿਆਰ ਏਕੇ-47 ਹੈ ਜਾਂ ਏਕੇ-56 ਇਸ ਨੂੰ ਹਾਲੇ ਤੈਅ ਨਹੀਂ ਕੀਤਾ ਜਾ ਸਕਿਆ। ਗ੍ਰੇਨੇਡ ਨਾਲ ਕਿਸੇ ਤਰ੍ਹਾਂ ਦੀ ਲਾਪਰਵਾਹੀ ਹੋਣ ਦੇ ਮੱਦੇਨਜ਼ਰ ਬੰਬ ਨਿਰੋਧੀ ਦਸਤੇ ਨੂੰ ਵੀ ਬੁਲਾਇਆ ਗਿਆ। ਸ਼ੁੱਕਰਵਾਰ ਦੀ ਸਵੇਰ 11 ਵਜੇ ਸ਼ੁਰੂ ਹੋਈ ਇਸ ਛਾਪੇਮਾਰੀ ਦੌਰਾਨ ਵਿਧਾਇਕ ਅਨੰਤ ਸਿੰਘ ਦੇ ਜੱਦੀ ਘਰ 'ਤੇ ਇਕ ਬਜ਼ੁਰਗ ਮੌਜੂਦ ਸੀ

ਜੋ ਵਿਧਾਇਕ ਦੇ ਪੂਰੇ ਘਰ ਦੀ ਦੇਖਭਾਲ ਕਰਨ ਦਾ ਕੰਮ ਕਰਦੈਾ ਹੈ। ਪੁਲਿਸ ਟੀਮ ਦੇ ਪੁੱਜਣ ਮਗਰੋਂ ਇਸ ਬਜ਼ੁਰਗ ਨੇ ਹੀ ਦਰਵਾਜ਼ਾ ਖੋਲ੍ਹਿਆ ਸੀ। ਹਾਲਾਂਕਿ ਪੁਲਿਸ ਨੇ ਇਸ ਬਜ਼ੁਰਗ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਦੱਸ ਦਈਏ ਕਿ ਵਿਧਾਇਕ ਅਨੰਤ ਸਿੰਘ ਫਿਲਹਾਲ ਫ਼ਰਾਰ ਦੱਸਿਆ ਜਾ ਰਿਹਾ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਹ ਵਿਧਾਇਕ ਪਹਿਲਾਂ ਵੀ ਕਈ ਮਾਮਲਿਆਂ ਕਾਰਨ ਸੁਰਖ਼ੀਆਂ ਵਿਚ ਰਹਿ ਚੁੱਕਾ ਹੈ।