ਗ਼ੁਲਾਮ ਕਸ਼ਮੀਰ ਭਾਰਤ ਦਾ ਹਿੱਸਾ, ਅਸੀਂ ਲੈ ਕੇ ਰਹਾਂਗੇ : ਵਿਦੇਸ਼ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਨਾਲ ਸਬੰਧ ਬਿਹਤਰ ਹੋ ਰਹੇ ਹਨ

POK Part Of India, Expect Jurisdiction Over It One Day: Foreign Minister S Jaishankar

ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਉਹ ਇਕ ਦਿਨ ਇਸ ਨੂੰ ਲੈ ਕੇ ਰਹਿਣਗੇ। ਪੱਤਰਕਾਰ ਸੰਮੇਲਨ ਵਿਚ ਉਨ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਵਧਦੇ ਦਬਦਬੇ ਤੋਂ ਲੈ ਕੇ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਨਾਲ ਜਾਰੀ ਤਣਾਅ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹਿਰੀਨ, ਮਾਲਦੀਵ, ਰੂਸ ਦੌਰਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਸੌ ਦਿਨਾਂ ਵਿਚ ਕਈ ਦੇਸ਼ਾਂ ਨਾਲ ਸਾਡੇ ਸਬੰਧ ਮਜ਼ਬੂਤ ਹੋਏ ਹਨ।

ਵਿਦੇਸ਼ ਮੰਤਰੀ ਨੇ ਕਿਹਾ, 'ਗ਼ੁਲਾਮ ਕਸ਼ਮੀਰ ਭਾਰਤ ਦਾ ਹਿੱਸਾ ਹੈ। ਸਾਨੂੰ ਉਮੀਦ ਹੈ ਕਿ ਇਕ ਦਿਨ ਇਸ 'ਤੇ ਸਾਡਾ ਅਧਿਕਾਰ ਹੋ ਜਾਵੇਗਾ।' ਜੈਸ਼ੰਕਰ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ, 'ਸਾਡੇ ਗੁਆਂਢੀ ਵਲੋਂ ਵਖਰੀ ਤਰ੍ਹਾਂ ਦੀ ਚੁਨੌਤੀ ਹੈ, ਇਹ ਉਦੋਂ ਤਕ ਅਜਿਹਾ ਹੀ ਰਹੇਗਾ ਜਦ ਤਕ ਉਹ ਆਮ ਨਹੀਂ ਹੋ ਜਾਂਦਾ ਅਤੇ ਅਤਿਵਾਦ ਵਿਰੁਧ ਕਾਰਵਾਈ ਨਹੀਂ ਕਰਦਾ।' ਕਸ਼ਮੀਰ ਨੂੰ ਅੰਤਰਰਾਸ਼ਟਰੀ ਮੁੱਦਾ ਬਣਾਉਣ ਦੇ ਯਤਨਾਂ ਬਾਰੇ ਵਿਦੇਸ਼ ਮੰਤਰੀ ਨੇ ਕਿਹਾ, 'ਭਾਰਤ ਦੀ ਹਾਲਤ ਮਜ਼ਬੂਤ ਹੋਈ ਹੈ ਅਤੇ ਇਸ ਦੇ ਅੰਦਰੂਨੀ ਮਾਮਲੇ ਵੀ ਮਜ਼ਬੂਤ ਹੋ ਜਾਣਗੇ।'

ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਲੋਕ ਕੀ ਕਹਿੰਦੇ ਹਨ, ਉਸ ਦੀ ਚਿੰਤਾ ਨਾ ਕਰੋ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬਿਹਤਰ ਹੋ ਰਹੇ ਹਨ। ਭਾਰਤ ਅਤੇ ਚੀਨੀ ਫ਼ੌਜਾਂ ਦੇ ਆਹਮਣੇ-ਸਾਹਮਣੇ ਹੋਣ ਦੇ ਮਸਲੇ 'ਤੇ ਉਨ੍ਹਾਂ ਕਿਹਾ, 'ਉਥੇ ਲੜਾਈ ਨਹੀਂ ਹੋਈ। ਉਥੇ ਸਿਰਫ਼ ਦੋਹਾਂ ਦੇਸ਼ਾਂ ਦੇ ਫ਼ੌਜੀ ਤੈਨਾਤ ਸਨ, ਹੁਣ ਮਾਮਲੇ ਦਾ ਹੱਲ ਹੋ ਗਿਆ ਹੈ।' ਕੁਲਭੂਸ਼ਣ ਜਾਧਵ ਬਾਰੇ ਉਨ੍ਹਾਂ ਕਿਹਾ ਕਿ ਸਿੰਧ ਵਿਚ ਜੋ ਹੋ ਰਿਹਾ ਹੈ, ਉਹ ਸਿਰਫ਼ ਪਿਛਲੇ 100 ਦਿਨਾਂ ਵਿਚ ਨਹੀਂ ਹੋਇਆ। ਸਿੱਖ ਕੁੜੀ ਦੇ ਅਗ਼ਵਾ ਦੀ ਵੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਅਫ਼ਰੀਕਾ ਵਿਚ 18 ਭਾਰਤੀ ਸਫ਼ਾਰਤਖ਼ਾਨੇ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ।