ਸੰਸਦ ਵਲੋਂ ਚੀਨ ਨੂੰ ਚੇਤਾਵਨੀ, ਨਹੀਂ ਸੁਧਰਿਆ ਤਾਂ ਚੁਕੇ ਜਾਣਗੇ ਸਖ਼ਤ ਕਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਦੀ ਕਥਨੀ ਅਤੇ ਕਰਨੀ 'ਚ ਫ਼ਰਕ : ਰਾਜਨਾਥ ਸਿੰਘ

Rajnath Singh

ਨਵੀਂ ਦਿੱਲੀ :  ਵੀਰਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੇ ਚੌਥੇ ਦਿਨ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ 'ਚ ਅਸਲ ਕੰਟਰੋਲ ਰੇਖਾ (ਐਲ. ਏ. ਸੀ.) 'ਤੇ ਚੀਨ ਨਾਲ ਜਾਰੀ ਤਣਾਅ 'ਤੇ ਬਿਆਨ ਦਿੰਦਿਆਂ ਕਿਹਾ ਕਿ ਚੀਨ ਅਜੇ ਵੀ ਮੰਨਦਾ ਹੈ ਕਿ ਕੋਈ ਬਾਰਡਰ ਲਾਈਨ ਨਹੀਂ ਹੈ। ਚੀਨ ਐਲ. ਏ. ਸੀ. ਨੂੰ ਨਹੀਂ ਮੰਨਦਾ। ਲੱਦਾਖ਼, ਅਰੁਣਾਚਲ 'ਚ ਚੀਨ ਦਾ ਗ਼ੈਰ-ਕਾਨੂੰਨੀ ਕਬਜ਼ਾ ਹੈ। ਦੇਸ਼ ਦੀ ਸੁਰੱਖਿਆ ਲਈ ਸਾਡੀ ਫ਼ੌਜ ਡਟੀ ਹੋਈ ਹੈ।

ਦੁਵੱਲੇ ਸਮਝੌਤਿਆਂ 'ਤੇ ਚੀਨ ਗੰਭੀਰ ਨਹੀਂ ਹੈ। ਰਖਿਆ ਮੰਤਰੀ ਨੇ ਚੀਨ ਨੂੰ ਦੋ ਟੁੱਕ ਕਿਹਾ ਕਿ ਸਰਹੱਦ 'ਤੇ ਤਣਾਅ ਰਹੇਗਾ ਤਾਂ ਦੁਵੱਲੇ ਰਿਸ਼ਤਿਆਂ 'ਤੇ ਅਸਰ ਪਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ 15 ਜੂਨ ਨੂੰ ਗਲਵਾਨੀ ਘਾਟੀ ਵਿਚ ਹਿੰਸਕ ਝੜਪ ਹੋਈ। ਇਸ ਹਿੰਸਕ ਝੜਪ 'ਚ ਸਾਡੇ 20 ਜਵਾਨ ਸ਼ਹੀਦ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ 'ਚ ਜਾ ਕੇ ਜਵਾਨਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ ਕਿ ਚੀਨ ਜਟਿਲ ਮੁੱਦਾ ਹੈ। ਸ਼ਾਂਤੀਪੂਰਨ ਗਲਬਾਤ ਨਾਲ ਸਰਹੱਦੀ ਵਿਵਾਦ ਦਾ ਹੱਲ ਕਢਿਆ ਜਾਵੇ।

ਰਾਜਨਾਥ ਨੇ ਅੱਗੇ ਕਿਹਾ ਕਿ ਸਾਡੀ ਫ਼ੌਜ ਹਰ ਸਮੇਂ ਤਿਆਰ ਹੈ। ਅਸੀਂ ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਾਂਗੇ। ਫ਼ੌਜ ਹਰ ਚੁਣੌਤੀ ਲਈ ਤਿਆਰ ਹੈ।  ਸ਼ਾਂਤੀ ਬਹਾਲ ਕਰਨ ਲਈ ਕਈ ਸਮਝੌਤੇ ਕੀਤੇ ਗਏ। ਚੀਨ ਰਸਮੀ ਸਰਹੱਦਾਂ ਨੂੰ ਨਹੀਂ ਮੰਨਦਾ। ਚੀਨ ਦੇ ਕਥਨੀ ਅਤੇ ਕਰਨੀ 'ਚ ਫ਼ਰਕ ਹੈ। ਚੀਨ ਨੇ ਐਲ. ਏ. ਸੀ. ਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ 29-30 ਅਗਸਤ ਨੂੰ ਚੀਨ ਨੇ ਭਾਰਤੀ ਫ਼ੌਜ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ। ਲੱਦਾਖ਼ ਚੁਣੌਤੀ ਦੇ  ਦੌਰ 'ਚੋਂ ਲੰਘ ਰਿਹਾ ਹੈ।

 ਰਾਜਨਾਥ ਸਿੰਘ ਨੇ ਰਾਜਸਭਾ 'ਚ ਕਿਹਾ ਕਿ 15 ਜੂਨ ਨੂੰ ਕਨਰਲ ਸੰਤੋਸ਼ ਬਾਬੂ ਨੇ ਅਪਣੇ 19 ਬਹਾਦਰ ਫ਼ੌਜੀਆਂ ਦੇ ਨਾਲ ਭਾਰਤ ਦੀ ਅਖੰਡਤਾ ਨੂੰ ਬਚਾਉਣ ਦੇ ਉਦੇਸ਼ ਨਾਲ ਗਲਵਾਨ ਘਾਟੀ ਵਿਚ ਸਰਵਉਚ ਕੁਰਬਾਨੀ ਦਿਤੀ। ਸਾਡੇ ਪ੍ਰਧਾਨ ਮੰਤਰੀ ਖ਼ੁਦ ਫ਼ੌਜੀਆਂ ਦਾ ਮਨੋਬਲ ਵਧਾਉਣ ਲਈ ਲੱਦਾਖ਼ ਗਏ ਸਨ।