13 ਦਿਨ ਤੱਕ ਬੰਦ ਰਹੇਗਾ ਆਈਜੀਆਈ ਏਅਰਪੋਰਟ ਦਾ ਇੱਕ ਰਨਵੇਅ, ਕਿਰਾਏ 'ਚ 86 ਫ਼ੀ ਸਦੀ ਵਾਧਾ
ਵਾਜਪੇਈ ਨੇ ਦੱਸਿਆ ਕਿ ਅਗਲੇ 13 ਦਿਨਾਂ ਵਿਚ ਬੇਂਗਲੁਰੂ ਜਾਣ ਵਾਲੀਆਂ ਉੜਾਨਾਂ ਦੇ ਕਿਰਾਏ ਵਿਚ 122 ਫ਼ੀ ਸਦੀ ਤੱਕ ਦਾ ਵਾਧਾ ਹੋ ਸਕਦਾ ਹੈ।
ਨਵੀਂ ਦਿਲੀ, ( ਪੀਟੀਆਈ ) : ਇੰਦਰਾ ਗਾਂਧੀ ਇੰਟਰਨੈਸ਼ਲ ਏਅਰਪੋਰਟ ਦਾ ਰਨਵੇਅ ਮੁਰੰਮਤ ਲਈ 13 ਦਿਨ ਤੱਕ ਬੰਦ ਰਹੇਗਾ। ਇਸ ਦੇ ਚਲਦਿਆਂ ਸਾਰੀਆਂ ਉੜਾਨਾਂ ਦਾ ਕਿਰਾਇਆ ਔਸਤਨ 86 ਫ਼ੀ ਸਦੀ ਤੱਕ ਵਧ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਵਧੀਆਂ ਹੋਈਆ ਕੀਮਤਾਂ ਦਾ ਅਸਰ ਅਗਲੇ ਹਫਤੇ ਵੀ ਰਹੇਗਾ। ਉਥੇ ਹੀ ਦਿੱਲੀ ਤੋਂ ਜਾਣ ਅਤੇ ਆਉਣ ਵਾਲੇ ਦੋਹਾਂ ਤਰ੍ਹਾਂ ਦੇ ਯਾਤਰੀਆਂ ਤੇ ਇਸ ਕਿਰਾਏ ਦਾ ਅਸਰ ਪਵੇਗਾ। ਇਕਜਗੋ ਦੇ ਸੀਈਓ ਅਤੇ ਕੋ-ਫਾਉਂਡਰ ਅਲੋਕੇ ਵਾਜਪੇਈ ਦੇ ਮੁਤਾਬਕ ਸ਼ੁਕਰਵਾਰ ਸ਼ਾਮ ਨੂੰ ਕਈ ਯਾਤਰਾ ਪੋਰਟਲ 'ਤੇ ਹਵਾਈ ਕਿਰਾਏ ਵਿਚ ਵਾਧਾ ਕੀਤਾ ਗਿਆ।
ਹਰ ਹਫਤੇ ਦਿੱਲੀ-ਬੇਂਗਲੁਰੂ ਦਾ ਕਿਰਾਇਆ 11,044 ਰੁਪਏ ਹੁੰਦਾ ਹੈ ਜਦਕਿ ਸ਼ਨਿਚਰਵਾਰ ਨੂੰ ਔਸਤ ਹਵਾਈ ਕਿਰਾਇਆ 13,072 ਹੋ ਗਿਆ ਹੈ। ਉਥੇ ਹੀ ਦਿੱਲੀ ਤੋਂ ਮੁੰਬਈ ਦਾ ਇਕ ਪਾਸੇ ਦਾ ਕਿਰਾਇਆ 11,060 ਰੁਪਏ ਹੋ ਗਿਆ ਹੈ, ਜਦਕਿ ਆਮ ਦਿਨਾਂ ਵਿਚ ਇਹ 9,228 ਰੁਪਏ ਹੁੰਦਾ ਹੈ। ਵਾਜਪੇਈ ਨੇ ਦੱਸਿਆ ਕਿ ਅਗਲੇ 13 ਦਿਨਾਂ ਵਿਚ ਬੇਂਗਲੁਰੂ ਜਾਣ ਵਾਲੀਆਂ ਉੜਾਨਾਂ ਦੇ ਕਿਰਾਏ ਵਿਚ 122 ਫ਼ੀ ਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਉਥੇ ਹੀ ਹੈਦਰਾਬਾਦ ਦੇ ਹਵਾਈ ਟਿਕਟ 57 ਫ਼ੀ ਸਦੀ ਤੱਕ ਵਧ ਸਕਦੇ ਹਨ। ਵੈਬਸਾਈਟਾਂ ਮੁਤਾਬਕ ਇਕ ਰਨਵੇਅ ਬੰਦ ਹੋਣ ਨਾਲ ਅਗਲੇ ਇਕ ਹਫਤੇ ਤੱਕ
( ਖਾਸਤੌਰ ਤੇ 16 ਤੋਂ 19 ਨਵੰਬਰ ) ਦਿੱਲੀ ਤੋਂ ਮੁੰਬਈ, ਬੇਂਗਲੁਰੂ, ਹੈਦਰਾਬਾਦ, ਕੋਲਕਾਤਾ ਅਤੇ ਚੇਨਈ ਸਮੇਤ ਹੋਰਨਾਂ ਥਾਵਾਂ ਤੇ ਜਾਣ ਵਾਲੀਆਂ ਉੜਾਨਾਂ ਦਾ ਕਿਰਾਇਆ ਵੱਧ ਰਹੇਗਾ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਨਵੇਅ 27/09 ਨੂੰ ਮੁਰੰਮਤ ਦੇ ਲਈ 13 ਦਿਨ ਤੱਕ ਬੰਦ ਰੱਖਿਆ ਜਾਵੇਗਾ। ਇਸ ਦੇ ਬੰਦ ਹੋਣ ਤਾ ਅਸਰ ਆਉਣ ਅਤੇ ਜਾਣ ਵਾਲੀਆਂ 50-50 ਉੜਾਨਾਂ ਤੇ ਪਵੇਗਾ।
ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਰਨਵੇਅ ਬੰਦ ਕਰਨ ਤੋਂ ਪਹਿਲਾਂ ਹੀ ਏਅਰਲਾਈਨਾਂ ਨੂੰ ਇਸ ਦੀ ਜਾਣਕਾਰੀ ਦੇ ਦਿਤੀ ਗਈ ਸੀ। ਦੱਸ ਦਈਏ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ 2017-18 ਦੌਰਾਨ 63.5 ਮਿਲੀਅਨ ਯਾਤਰੀ ਸਫਰ ਕਰ ਚੁੱਕੇ ਹਨ। ਇਥੇ ਰੋਜ਼ਾਨਾ ਲਗਭਗ 1300 ਉੜਾਨਾਂ ਦੀ ਆਵਾਜਾਈ ਰਹਿੰਦੀ ਹੈ।