BRICS Summit: ਸਰਹੱਦ 'ਤੇ ਵਿਵਾਦ ਦੌਰਾਨ ਅੱਜ ਫਿਰ ਆਹਮੋ-ਸਾਹਮਣੇ ਹੋਣਗੇ ਪੀਐਮ ਮੋਦੀ ਤੇ ਜਿਨਪਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

12ਵੇਂ ਬਰਿਕਸ (BRICS) ਸੰਮੇਲਨ ਵਿਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ੀ ਜਿੰਨਪਿੰਗ

Narendra Modi, Xi Jinping to share platform again

ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਜਾਣਕਾਰੀ ਸਾਂਝੀ ਕੀਤੀ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12ਵੇਂ ਬਰਿਕਸ (BRICS) ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦਾ ਆਯੋਜਨ ਵਰਚੂਅਲ ਮਾਧਿਆਮ ਰਾਹੀਂ 17 ਨਵੰਬਰ ਨੂੰ ਕੀਤਾ ਜਾਵੇਗਾ।

ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਵੀ ਇਸ ਵਰਚੁਅਲ ਬੈਠਕ ਵਿਚ ਹਿੱਸਾ ਲੈਣਗੇ। ਮੰਤਰਾਲੇ ਨੇ ਦੱਸਿਆ ਕਿ ਇਸ ਵਾਰ ਸੰਮੇਲਨ ਦਾ ਵਿਸ਼ਾ 'ਗਲੋਬਲ ਸਥਿਰਤਾ, ਸਾਂਝੀ ਸੁਰੱਖਿਆ ਅਤੇ ਨਵੀਨਤਾਕਾਰੀ ਵਿਕਾਸ' ਹੋਵੇਗਾ।

ਦੱਸ ਦਈਏ ਕਿ ਬ੍ਰਿਕਸ ਦੇਸ਼ਾਂ ਦੇ ਸੰਗਠਨ ਵਿਚ ਪੰਜ ਤੇਜ਼ ਰਫ਼ਤਾਰ ਨਾਲ ਉਭਰ ਰਹੀਆਂ ਅਰਥਵਿਵਸਥਾਵਾਂ ਵਾਲੇ ਦੇਸ਼ ਹਨ। ਇਹਨਾਂ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।  ਇਹ ਬ੍ਰਿਕਸ ਸੰਮੇਲਨ ਅਜਿਹੇ ਸਮੇਂ ਅਯੋਜਤ ਕੀਤਾ ਜਾ ਰਿਹਾ ਹੈ, ਜਦੋਂ ਭਾਰਤ ਅਤੇ ਚੀਨ ਵਿਚਕਾਰ ਸੀਮਾ ਵਿਵਾਦ ਸਿਖਰ 'ਤੇ ਹੈ।

ਭਾਰਤ ਅਤੇ ਚੀਨ ਵਿਚਕਾਰ ਮਈ ਤੋਂ ਹੀ ਪੂਰਬੀ ਲਦਾਖ ਸਰਹੱਦ 'ਤੇ ਤਣਾਅ ਜਾਰੀ ਹੈ। ਤਣਾਅ ਦੇ ਨਤੀਜੇ ਵਜੋਂ ਦੋਵੇਂ ਦੇਸ਼ਾਂ ਦੇ ਫੌਜੀਆ ਵਿਚਕਾਰ ਹਿੰਸਕ ਝੜਪ ਵੀ ਹੋਈ ਹੈ। ਹਾਲਾਂਕਿ ਮੌਜੂਦਾ ਸਮੇਂ ਵਿਚ ਦੋਵੇਂ ਵੀ ਫੌਜਾਂ ਪਿੱਛੇ ਹਟਣ ਲਈ ਗੱਲਬਾਤ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ 10 ਨਵੰਬਰ ਨੂੰ ਹੋਈ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਦੌਰਾਹ ਆਹਮੋ-ਸਾਹਮਣੇ ਹੋਏ ਸੀ। ਉੱਥੇ ਹੀ ਬ੍ਰਿਕਸ ਸੰਮੇਲਨ ਤੋਂ ਬਾਅਦ ਇਕ ਵਾਰ ਫਿਰ ਦੋਵੇਂ ਨੇਤਾਵਾਂ ਦਾ ਸਾਹਮਣਾ 21 ਅਤੇ 22 ਨਵੰਬਰ ਨੂੰ ਜੀ-20 ਦੀ ਬੈਠਕ ਦੌਰਾਨ ਹੋਵੇਗਾ।