ਹਾਈਕੋਰਟ ਵਲੋਂ 'ਸਿੱਖਾਂ ਦੇ ਕਾਤਲ' ਸੱਜਣ ਕੁਮਾਰ ਨੂੰ ਉਮਰਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਵਲੋਂ 1984 ਸਿੱਖ ਕਤਲੇਆਮ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ....

Sajjan Kumar

ਨਵੀਂ ਦਿੱਲੀ (ਭਾਸ਼ਾ) : ਦਿੱਲੀ ਹਾਈਕੋਰਟ ਵਲੋਂ 1984 ਸਿੱਖ ਕਤਲੇਆਮ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ। 34 ਸਾਲ ਬਾਅਦ ਆਏ ਇਸ ਵੱਡੇ ਫ਼ੈਸਲੇ ਨਾਲ 84 ਦੇ ਪੀੜਤਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 30 ਅਪ੍ਰੈਲ 2013 ਨੂੰ ਹੇਠਲੀ ਅਦਾਲਤ ਵਿਚ ਜੱਜ ਜੇ. ਆਰ. ਆਇਰਨ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਸੀ। ਇਸ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਸੀ। 


ਜਿਸ ਤੋਂ ਬਾਅਦ ਹੁਣ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਦਿਆਂ ਇਹ ਫ਼ੈਸਲਾ ਸੁਣਾਇਆ ਹੈ। ਦਰਅਸਲ ਸਾਬਕਾ ਕਾਂਗਰਸੀ ਆਗੂ ਬਲਵਾਨ ਖੋਖਰ, ਸੇਵਾਮੁਕਤ ਨੇਵੀ ਅਫਸਰ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਦੋ ਹੋਰ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਇਕ ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜਨਗਰ ਖੇਤਰ ਵਿਚ ਇਕ ਪਰਵਾਰ ਦੇ ਪੰਜ ਮੈਬਰਾਂ ਦੀ ਹੱਤਿਆ ਨਾਲ ਜੁੜੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਹੇਠਲੀ ਅਦਾਲਤ ਨੇ ਇਸ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਸੀ।


ਖੋਖਰ, ਭਾਗਮਲ ਅਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਦੋਂ ਕਿ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੇ 29 ਅਕਤੂਬਰ ਨੂੰ ਸੀਬੀਆਈ, ਦੰਗਾ ਪੀੜਤਾਂ ਅਤੇ ਦੋਸ਼ੀਆਂ ਵਲੋਂ ਦਰਜ ਅਪੀਲਾਂ 'ਤੇ ਦਲੀਲਾਂ ਸੁਣਨ ਦਾ ਕੰਮ ਪੂਰਾ ਕਰਨ ਤੋਂ ਬਾਅਦ ਸੱਜਣ ਕੁਮਾਰ ਸਬੰਧੀ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜੋ ਅੱਜ ਸੁਣਾ ਦਿਤਾ ਗਿਆ ਹੈ। ਦਸ ਦਈਏ ਕਿ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ ਵਿਚ ਸਿੱਖ ਵਿਰੋਧੀ ਦੰਗੇ ਭੜਕ ਉਠੇ ਸਨ।


ਇਸ ਕਤਲੇਆਮ  ਵਿਚ ਕਈ ਕਾਂਗਰਸੀ ਆਗੂਆਂ ਨੇ ਸਰਗਰਮ ਭੂਮਿਕਾ ਨਿਭਾਈ ਸੀ, ਭਾਵੇਂ ਕਿ ਸਰਕਾਰੀ ਰਿਪੋਰਟ ਮੁਤਾਬਕ 2800 ਸਿੱਖਾਂ ਦੇ ਕਤਲ ਦੀ ਗੱਲ ਆਖੀ ਜਾਂਦੀ ਹੈ ਪਰ ਅਸਲ ਵਿਚ ਇਹ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੇਸ ਨੂੰ ਚਲਦਿਆਂ 34 ਸਾਲ ਹੋ ਗਏ ਹਨ। ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਸਿੱਖਾਂ ਦੇ ਹੱਕ ਵਿਚ ਫ਼ੈਸਲਾ ਆਇਆ ਹੈ। ਇਸ ਫ਼ੈਸਲੇ ਨਾਲ ਪੀੜਤ ਸਿੱਖਾਂ ਦੇ ਮਨ ਨੂੰ ਇਕ ਤਸੱਲੀ ਜ਼ਰੂਰ ਮਿਲੀ ਹੈ ਪਰ ਹਾਲੇ ਵੀ ਦੋਸ਼ੀ ਕੋਲ ਬਚਣ ਲਈ ਹੋਰ ਕਈ ਰਸਤੇ ਮੌਜੂਦ ਹਨ।


ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਏ ਜਾ ਰਹੇ ਕਮਲਨਾਥ ਦੀ ਸਿੱਖ ਕਤਲੇਆਮ ਵਿਚ ਭੂਮਿਕਾ ਨੂੰ ਲੈ ਕੇ ਵੀ ਫਿਰ ਤੋਂ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਕਮਲਨਾਥ ਨੂੰ ਅਦਾਲਤ ਅਤੇ ਨਾਨਾਵਤੀ ਕਮਿਸ਼ਨ ਨੇ ਕਲੀਨ ਚਿੱਟ ਦੇ ਦਿਤੀ ਸੀ। ਜਦੋਂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਉਸ ਦਾ ਅਸਲ ਸੱਚ ਸਾਹਮਣੇ ਆਇਆ ਹੈ ਤਾਂ ਫਿਰ ਕਮਲਨਾਥ ਦਾ ਕਿਉਂ ਨਹੀਂ? ਇਸ ਤੋਂ ਇਲਾਵਾ ਅਜੇ ਬਹੁਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਬਾਕੀ ਹੈ। ਜੋ  ਸੱਤਾ ਅਤੇ ਵੱਡੀਆਂ ਪਾਰਟੀਆਂ ਦੇ ਦਮ 'ਤੇ ਬਚਦੇ ਆ ਰਹੇ ਹਨ।