1984 ਕਤਲੇਆਮ ਤੋਂ ਲੈ ਕੇ ਸੱਜਣ ਕੁਮਾਰ ਨੂੰ ਉਮਰਕੈਦ ਮਿਲਣ ਤੱਕ ਦੀ ਪੂਰੀ ਕਹਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਵਿਚ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ। ...

Sajjan Kumar

ਨਵੀਂ ਦਿੱਲੀ (ਭਾਸ਼ਾ): ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਵਿਚ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ। ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੇ ਕੁਮਾਰ ਨੂੰ ਅਪਰਾਧਿਕ ਸਾਜ਼ਿਸ਼ ਰਚਣ, ਦੁਸ਼ਮਣੀ ਨੂੰ ਬੜਾਵਾ ਦੇਣ, ਫਿਰਕੂ ਸਦਭਾਵਨਾ ਦੇ ਵਿਰੁੱਧ ਜ਼ੁਰਮ ਕਰਨ ਦਾ ਦੋਸ਼ੀ ਠਹਰਾਇਆ।

ਹਾਈਕੋਰਟ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਉਮਰਭਰ ਜੇਲ੍ਹ ਵਿਚ ਰਹਿਣਾ ਹੋਵੇਗਾ। ਉਸ ਨੂੰ 31 ਦਸੰਬਰ ਤੱਕ ਆਤਮਸਮਰਪਣ ਕਰਨ ਨੂੰ ਕਿਹਾ ਗਿਆ ਅਤੇ ਉਸ ਤੋਂ ਪਹਿਲਾਂ ਦਿੱਲੀ ਨਾ ਛੱਡਣ ਨੂੰ ਵੀ ਕਿਹਾ ਗਿਆ। ਅਦਾਲਤ ਨੇ ਕਾਂਗਰਸ ਦੇ ਸਾਬਕਾ ਸੇਵਾਦਾਰ ਬਲਵਾਨ ਖੋਖਰ, ਸੇਵਾ ਮੁਕਤ ਫ਼ੌਜੀ ਅਧਿਕਾਰੀ ਭਾਗਮਲ, ਗਿਰਧਾਰੀ ਲਾਲ, ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕ੍ਰਿਸ਼ਣ ਖੋਖਰ ਦੇ ਦੋਸ਼ ਵੀ ਬਰਕਰਾਰ ਰੱਖੇ। 

1. 31 ਅਕਤੂਬਰ 1984 ਨੂੰ ਸਿੱਖ ਬਾਡੀਗਾਰਡਸ ਨੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਇਸ ਤੋਂ ਬਾਅਦ ਦਿੱਲੀ ਵਿਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਦੰਗੇ ਦੇ ਦੌਰਾਨ ਦਿੱਲੀ ਛਾਉਣੀ ਖੇਤਰ ਵਿਚ ਪੰਜ ਸਿੱਖਾਂ ਦੀ ਹੱਤਿਆ ਹੋਈ ਸੀ। ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਵਿਚ ਪੰਜ ਸਿੱਖਾਂ ਕੇਹਰ ਸਿੰਘ,  ਗੁਰਪ੍ਰੀਤ ਸਿੰਘ, ਰਘੁਵਿੰਦਰ ਸਿੰਘ, ਨਰੇਂਦਰ ਪਾਲ  ਸਿੰਘ ਅਤੇ ਕੁਲਦੀਪ ਸਿੰਘ ਦੀ ਹੱਤਿਆ ਕਰ ਦਿਤੀ ਗਈ ਸੀ। ਕੋਰਟ ਨੇ ਮੰਨਿਆ ਕਿ ਕਾਂਗਰਸ ਨੇਤਾ ਸੱਜਣ ਕੁਮਾਰ ਨੇ ਭੀੜ ਨੂੰ ਉਕਸਾਉਣ ਵਿਚ ਮਦਦ ਕੀਤੀ ਸੀ।  

2. ਇਸ ਮਾਮਲੇ ਵਿਚ ਸ਼ਿਕਾਇਤਕਰਤਾ ਅਤੇ ਚਸ਼ਮਦੀਦ ਜਗਦੀਸ਼ ਕੌਰ ਕੇਹਰ ਸਿੰਘ ਦੀ ਪਤਨੀ ਅਤੇ ਗੁਰਪ੍ਰੀਤ ਸਿੰਘ ਦੀ ਮਾਂ ਸੀ। ਰਘੁਵਿੰਦਰ, ਨਰੇਂਦਰ ਅਤੇ ਕੁਲਦੀਪ ਉਨ੍ਹਾਂ ਦੇ ਹੋਰ ਮਾਮਲੇ ਦੇ ਇਕ ਹੋਰ ਗਵਾਹ ਜਗਸ਼ੇਰ ਸਿੰਘ ਦੇ ਭਰਾ ਸਨ। 
3 .  ਜਸਟਿਸ ਜੀਟੀ ਨਾਨਾਵਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ 'ਤੇ ਸਾਲ 2005 ਵਿਚ ਸੱਜਣ ਕੁਮਾਰ ਅਤੇ ਹੋਰ ਮੁਲਜ਼ਮਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।

4. ਸਾਲ 2005 ਵਿਚ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਮਤਲਬ ਸੀਬੀਆਈ ਦੇ ਹੱਥ ਆਈ ਅਤੇ ਉਸ ਨੇ ਕੋਰਟ ਨੂੰ ਦੱਸਿਆ ਕਿ ਸਿੱਖ ਕਤਲੇਆਮ ਵਿਚ ਸੱਜਣ ਅਤੇ ਪੁਲਿਸ ਦੇ ਵਿਚ ਖਤਰਨਾਕ ਸਬੰਧ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਜਾਂਚ ਕੀਤੀ ਸੀ।  
5. ਸੀਬੀਆਈ ਨੇ ਮੁਲਜ਼ਮਾਂ ਦੇ ਵਿਰੁੱਧ ਜਨਵਰੀ 2010 ਵਿਚ ਦੋ ਚਾਰਜਸ਼ੀਟ ਦਾਇਰ ਕੀਤੀ ਸੀ।  

6. ਅਪ੍ਰੈਲ 2013 ਵਿਚ ਦਿੱਲੀ ਦੀ ਇਕ ਹੇਠਲੀ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਦਿੱਲੀ ਛਾਉਣੀ ਵਿਚ ਪੰਜ ਸਿੱਖਾਂ ਦੀ ਹੱਤਿਆ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਸਾਰੇ ਆਰੋਪਾਂ ਤੋਂ ਬਰੀ ਕਰ ਦਿਤਾ ਸੀ। ਅਦਾਲਤ ਦਾ ਆਦੇਸ਼ ਆਉਣ ਤੋਂ ਤੁਰਤ ਬਾਅਦ ਸਿੱਖ ਸੰਗਠਨਾਂ ਨੇ ਇਸ ਫੈਸਲੇ ਦੇ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿਤੇ ਸਨ। ਸਿੱਖਾਂ ਨੇ ਦਿੱਲੀ ਵਿਚ ਪਹਿਲੀ ਵਾਰ ਮੈਟਰੋ ਦਾ ਕੰਮ ਰੋਕ ਦਿਤਾ ਸੀ।  

7.  ਇਸ ਫੈਸਲੇ ਦੇ ਵਿਰੁੱਧ ਕੇਂਦਰੀ ਜਾਂਚ ਬਿਊਰੋ ਮਤਲਬ ਸੀਬੀਆਈ ਨੇ ਦਿੱਲੀ ਹਾਈਕੋਰਟ ਵਿਚ ਅਪੀਲ ਕੀਤੀ ਸੀ।  
8. 27 ਅਕਤੂਬਰ 2018 ਨੂੰ ਦਿੱਲੀ ਹਾਈਕੋਰਟ ਨੇ ਇਸ ਮਾਮਲੇ ਵਿਚ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।  

9. 17 ਦਸੰਬਰ 2018 ਨੂੰ ਦਿੱਲੀ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਕੈਪਟਨ ਭਾਗਮਲ, ਸਾਬਕਾ ਸੇਵਾਦਾਰ ਬਲਵਾਨ ਯਾਦਵ ਅਤੇ ਗਿਰਧਾਰੀ ਲਾਲ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਈਕੋਰਟ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਮੌਤ ਹੋਣ ਤੱਕ ਜੇਲ੍ਹ ਵਿਚ ਬੰਦ ਰੱਖਿਆ ਜਾਵੇ।  

10. ਸੱਜਣ ਕੁਮਾਰ ਨੂੰ ਸਜ਼ਾ ਸੁਣਾਉਂਦੇ ਹੋਏ ਦਿੱਲੀ ਹਾਈਕੋਰਟ ਨੇ ਕਿਹਾ, 1947 ਦੀ ਵੰਡ ਦੇ ਦੌਰਾਨ ਕਤਲੇਆਮ ਹੋਇਆ ਸੀ। 37 ਸਾਲ ਤੋਂ ਬਾਅਦ ਦਿੱਲੀ ਅਜਿਹੀ ਹੀ ਇਕ ਘਟਨਾ ਦੀ ਗਵਾਹ ਬਣੀ ਸੀ। ਜਦੋ 1984 ਵਿਚ ਇੰਦਰ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨੂੰ ਮਾਰਿਆ ਗਿਆ ਪਰ ਇਸ ਕਤਲੇਆਮ ਦੇ ਮੁਲਜ਼ਮਾਂ ਨੇ ਰਾਜਨੀਤਕ ਸੁਰੱਖਿਆ ਦਾ ਫਾਇਦਾ ਲਿਆ ਅਤੇ ਮੁਕੱਦਮਿਆਂ ਤੋਂ ਭੱਜਦੇ ਰਹੇ। ਹੁਣ 34 ਸਾਲ ਬਾਅਦ ਜਾ ਕੇ ਇਸ ਕਤਲੇਆਮ ਦੇ ਇਕ ਦੋਸ਼ੀ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਹੋਈ ਹੈ।