ਕਿਸਾਨਾਂ ਲਈ ਵੱਡੀ ਖੁਸ਼ਖਬਰੀ ! 12 ਲੱਖ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਹੋਵੇਗਾ ਮਾਫ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਤਰਾਂ ਮੁਤਾਬਕ 17 ਦਸੰਬਰ ਤੋਂ ਸ਼ੁਰੂ ਹੋ ਸਕਦੀ ਹੈ ਪ੍ਰਕਿਰਿਆ

Photo

ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਦੂਜੇ ਪੜਾਅ ਦੀ ਕਰਜ਼ ਮਾਫ਼ੀ ਦਾ ਐਲਾਨ ਕਰ ਦਿੱਤਾ ਹੈ। ਇਸ ਪੜਾਅ ਵਿਚ 12 ਲੱਖ ਤੋਂ ਵੱਧ ਕਿਸਾਨਾਂ ਦਾ 11,675 ਕਰੋੜ ਰੁਪਏ ਕਰਜ ਮਾਫ਼ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਰਜ਼ ਮਾਫ਼ੀ ਦੀ ਪ੍ਰਕਿਰਿਆ ਕਦੋਂ ਤੋਂ ਸ਼ੁਰੂ ਹੋ ਹੋਵੇਗੀ। ਸਰਕਾਰ ਦੇ ਸੂਤਰਾਂ ਮੁਤਾਬਕ ਦੂਜੇ ਪੜਾਅ ਦੀ ਕਰਜ਼ ਮਾਫ਼ੀ ਪ੍ਰਕਿਰਿਆ 17 ਦਸੰਬਰ 2019 ਨੂੰ ਸ਼ੁਰੂ ਹੋ ਸਕਦੀ ਹੈ ਕਿਉਂਕਿ ਇਸ ਦਿਨ ਕਮਲਨਾਥ ਸਰਕਾਰ ਆਪਣਾ ਇਕ ਸਾਲ ਪੂਰਾ ਕਰਨ ਜਾ ਰਹੀ ਹੈ।

ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਪਹਿਲੇ ਪੜਾਅ ਵਿਚ 20 ਲੱਖ ਕਿਸਾਨਾਂ ਦਾ 7,154 ਕਰੋੜ ਰੁਪਏ ਦਾ ਕਰਜ਼ ਮਾਫ਼ ਕੀਤਾ ਹੈ। ਇਸ ਸਾਲ ਮਾਰਚ ਵਿਚ ਕਿਸਾਨ ਕਰਜ਼ ਮਾਫ਼ੀ ਦਾ ਪਹਿਲਾ ਪੜਾਅ ਪੂਰਾ ਹੋਇਆ ਸੀ। ਇਕ ਪਾਸੇ ਕਿਸਾਨ ਜਿੱਥੇ ਦੂਜੇ ਪੜਾਅ ਦੀ ਕਰਜ਼ ਮਾਫ਼ੀ ਦਾ ਇੰਤਜਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਵਿਰੋਧੀ ਇਸ ਨੂੰ ਲੈ ਕੇ ਕਮਲਨਾਥ ਸਰਕਾਰ ਤੇ ਹਮਲਾਵਰ ਹਨ।

ਦੱਸ ਦਈਏ ਕਿ 6 ਜੂਨ 2018 ਨੂੰ ਮੱਧ ਪ੍ਰਦੇਸ਼ ਦੇ ਮੰਦਸੋਰ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਸਰਕਾਰ ਆਈ ਤਾਂ ਕਿਸਾਨਾਂ ਦਾ ਕਰਜ਼ਾ 10 ਦਿਨਾਂ ਵਿਚ ਮਾਫ਼ ਹੋਵੇਗਾ। ਬਾਅਦ ਵਿਚ ਕਾਂਗਰਸ ਨੇ ਇਸ ਨੂੰ ਆਪਣੇ ਘੋਸਣਾ ਪੱਤਰ ਵਿਚ ਵੀ ਸ਼ਾਮਲ ਕੀਤਾ ਅਤੇ ਸਰਕਾਰ ਬਣਦੇ ਹੀ ਸੀਐਮ ਕਮਲਨਾਥ ਨੇ ਸੱਭ ਤੋਂ ਪਹਿਲਾਂ ਕੰਮ ਇਹੀ ਕੀਤਾ।

ਮੁੱਖ ਮੰਤਰੀ ਕਮਲਨਾਥ ਨੇ ਸੀਐੱਮ ਬਣਨ ਦੇ 2 ਘੰਟੇ ਅੰਦਰ ਹੀ 17 ਦਸੰਬਰ 2018 ਨੂੰ ਕਿਸਾਨ ਕਰਜ਼ ਮਾਫ਼ੀ ਦੀ ਫਾਇਲਾ 'ਤੇ ਦਸਤਖ਼ਤ ਕਰ ਆਪਣਾ ਵਾਅਦਾ ਪੂਰਾ ਕੀਤਾ। ਹਾਲਾਕਿ ਬਾਅਦ ਵਿਚ ਗੈਰ-ਫ਼ਸਲੀ ਕਰਜ਼ੇ ਵਾਲੇ ਕਿਸਾਨਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ। ਆਮਦਨ ਟੈਕਸ ਅਦਾ ਕਰਨ ਵਾਲੇ ਕਿਸਾਨਾਂ ਨੂੰ ਵੀ ਇਸ ਤੋਂ ਬਾਹਰ ਰੱਖਿਆ ਗਿਆ ਸੀ।