ਕਿਸਾਨਾਂ ਨੂੰ ਅਪਸ਼ਬਦ ਬੋਲਣ ਵਾਲਿਆਂ ਨੂੰ ਇਹਨਾਂ ਨਿਹੰਗ ਸਿੰਘਾਂ ਨੇ ਦਿੱਤਾ ਕਰਾਰਾ ਜਵਾਬ
ਗਾਜ਼ੀਪੁਰ ਬਾਰਡਰ ‘ਤੇ ਨਿਹੰਗ ਸਿੰਘਾਂ ਵੱਲੋਂ ਕਿਸਾਨਾਂ ਲਈ ਲਗਾਇਆ ਗਿਆ ਖੀਰ ਦਾ ਲੰਗਰ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਮੋਰਚਾ 22ਵੇਂ ਦਿਨ ਵੀ ਜਾਰੀ ਹੈ। ਇਸ ਦੇ ਚਲਦਿਆਂ ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਨਿਹੰਗ ਸਿੰਘਾਂ ਵੱਲੋਂ ਪ੍ਰਦਰਸ਼ਨਕਾਰੀਆਂ ਲਈ ਖੀਰ ਦਾ ਲੰਗਰ ਲਗਾਇਆ ਗਿਆ। ਇਹਨਾਂ ਨਿਹੰਗ ਸਿੰਘਾਂ ਵਿਚ ਇਕ ਛੋਟੇ ਬੱਚੇ ਨੇ ਵੀ ਕਿਸਾਨਾਂ ਲਈ ਲੰਗਰ ਦੀ ਸੇਵਾ ਕੀਤੀ।
ਇਸ ਦੌਰਾਨ ਬਾਰਡਰ ‘ਤੇ ਤੈਨਾਤ ਫੋਰਸ ਦੇ ਜਵਾਨਾਂ ਲਈ ਵੀ ਲੰਗਰ ਵਰਤਾਇਆ ਗਿਆ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਦਿੱਲੀ ਦੇ ਰਹਿਣ ਵਾਲੇ ਸਿੱਖ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਅਪਣੇ ਪਰਿਵਾਰ ਸਮੇਤ ਕਿਸਾਨਾਂ ਲਈ ਲੰਗਰ ਲੈ ਕੇ ਪਹੁੰਚੇ ਹਨ। ਉਹਨਾਂ ਵਲੋਂ ਇਹ ਖੀਰ ਅਪਣੇ ਘਰ ਵਿਚ ਹੀ ਤਿਆਰ ਕੀਤੀ ਗਈ ਹੈ।
ਦੁੱਖ ਜ਼ਾਹਿਰ ਕਰਦਿਆਂ ਨਿਹੰਗ ਸਿੰਘ ਨੇ ਕਿਹਾ ਕਿ ਕਿਸਾਨਾਂ ਲਈ ਕਦੀ ਕੋਈ ਅੱਤਵਾਦੀ ਬੋਲ ਦਿੰਦਾ ਹੈ ਤੇ ਕਦੀ ਕੋਈ ਖਾਲਿਸਤਾਨੀ ਬੋਲ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਅਪਣੇ ਹੱਕਾਂ ਲਈ ਧਰਨਾ ਕਿਉਂ ਨਹੀਂ ਦੇ ਸਕਦੇ? ਜੇਕਰ ਕਿਸਾਨ ਸੜਕਾਂ ‘ਤੇ ਬੈਠੇ ਰਹਿਣਗੇ ਤਾਂ ਅਸੀਂ ਕੀ ਖਾਵਾਂਗੇ। ਨਿਹੰਗ ਸਿੰਘ ਦੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਕਿ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ ਤੇ ਕਿਸਾਨ ਨੂੰ ਇਨਸਾਫ ਦਿੱਤਾ ਜਾਵੇ।