ਕਾਂਗਰਸੀ ਵਿਧਾਇਕ ਭਾਜਪਾ 'ਚ ਨਹੀਂ ਗਏ ਤਾਂ ਸ਼ਾਹ ਨੂੰ ਸਵਾਈਨ ਫ਼ਲੂ ਹੋ ਗਿਆ : ਹਰੀ ਪ੍ਰਸਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫ਼ਲੂ ਹੋਣ ਜਾਣ 'ਤੇ ਕਾਂਗਰਸ ਆਗੂ ਨੇ ਟਿਪਣੀ ਕਰਦਿਆਂ ਵਿਵਾਦ ਖੜਾ ਕਰ ਦਿਤਾ......

Hari Prasad, Amit Shah

ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫ਼ਲੂ ਹੋਣ ਜਾਣ 'ਤੇ ਕਾਂਗਰਸ ਆਗੂ ਨੇ ਟਿਪਣੀ ਕਰਦਿਆਂ ਵਿਵਾਦ ਖੜਾ ਕਰ ਦਿਤਾ ਹੈ। ਕਾਂਗਰਸ ਆਗੂ ਬੀ ਕੇ ਹਰੀਪ੍ਰਸਾਦ ਨੇ ਕਰਨਾਟਕ ਦੇ ਰਾਜਸੀ ਘਟਨਾਕ੍ਰਮ ਦੇ ਸੰਦਰਭ ਵਿਚ ਕਿਹਾ, 'ਸਾਡੇ ਕੁੱਝ ਵਿਧਾਇਕ ਮੁੜ ਆਏ ਹਨ ਜਿਸ ਤੋਂ ਅਮਿਤ ਸ਼ਾਹ ਡਰ ਗਏ ਅਤੇ ਉਨ੍ਹਾਂ ਨੂੰ ਬੁਖ਼ਾਰ ਹੋ ਗਿਆ। ਉਨ੍ਹਾਂ ਨੂੰ ਕੋਈ ਆਮ ਬੁਖ਼ਾਰ ਨਹੀਂ ਹੋਇਆ। ਉਨ੍ਹਾਂ ਨੂੰ ਸਵਾਈਨ ਫ਼ਲੂ ਹੋਇਆ ਹੈ। ਜੇ ਉਹ ਕਰਨਾਟਕ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਇਹ ਜਾਣ ਲੈਣ ਕਿ ਉਨ੍ਹਾਂ ਨੂੰ ਸਿਰਫ਼ ਸਵਾਈਨ ਫ਼ਲੂ ਨਹੀਂ ਸਗੋਂ ਗੰਭੀਰ ਬੀਮਾਰੀ ਹੋਵੇਗੀ।'

ਉਧਰ, ਕਾਂਗਰਸ ਨੇ ਹਰੀਪ੍ਰਸਾਦ ਦੇ ਬਿਆਨ ਤੋਂ ਪਾਸਾ ਵਟਦਿਆਂ ਸ਼ਾਹ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਪਾਰਟੀ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, 'ਕਾਂਗਰਸ ਪ੍ਰਧਾਨ ਨੇ ਪਾਰਟੀ ਦੀ ਰਾਏ ਸਾਫ਼ ਦੱਸ ਦਿਤੀ ਹੈ ਕਿ ਅਸੀਂ ਵਿਰੋਧੀ ਨੇਤਾ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਮੈਨੂੰ ਨਹੀਂ ਲਗਦਾ ਕਿ ਹੁਣ ਹੋਰ ਕੁੱਝ ਕਹਿਣ ਦੀ ਲੋੜ ਹੈ। ਸਾਡੀ ਕਾਮਨਾ ਹੈ ਕਿ ਅਮਿਤ ਸ਼ਾਹ ਜੀ, ਜੇਤਲੀ ਜੀ, ਰਵੀਸ਼ੰਕਰ ਪ੍ਰਸਾਦ ਜੀ ਅਤੇ ਹੋਰ ਬੀਮਾਰ ਆਗੂ ਛੇਤੀ ਸਿਹਤਯਾਬ ਹੋਣ। ਸਾਡੀ ਉਨ੍ਹਾਂ ਨਾਲ ਵਿਚਾਰਕ ਲੜਾਈ ਹੈ।

ਭਾਜਪਾ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਵਿਰੋਧੀ ਪਾਰਟੀ ਦੇ ਪੱਧਰ ਨੂੰ ਵਿਖਾਉਂਦਾ ਹੈ। ਪਾਰਟੀ ਆਗੂ ਪੀਯੂਸ਼ ਗੋਇਲ ਨੇ ਕਿਹਾ, 'ਜਿਸ ਤਰ੍ਹਾਂ ਦਾ ਗੰਦਾ ਅਤੇ ਬੇਹੁਦਾ ਬਿਆਨ ਕਾਂਗਰਸ ਦੇ ਸੰਸਦ ਮੈਂਬਰ ਨੇ ਦਿਤਾ ਹੈ, ਉਹ ਕਾਂਗਰਸ ਦੇ ਪੱਧਰ ਨੂੰ ਵਿਖਾਉਂਦਾ ਹੈ।'  (ਏਜੰਸੀ)