ਮੇਘਾਲਿਆ ਦੀ ਕੋਲਾ ਖਾਣ 'ਚ ਫਸੇ ਮਜ਼ੂਦਰਾਂ ਦੀ ਭਾਲ ਜਾਰੀ, ਨੇਵੀ ਨੂੰ ਮਿਲੇ ਕੁਝ ਪਿੰਜਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖਾਣ ਵਿਚ ਸਲਫਰ ਦੀ ਮਾਤਰਾ ਵੱਧ ਹੋਣ ਕਾਰਨ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਹਨ ਅਤੇ ਉਹਨਾਂ ਦੇ ਪਿੰਜਰ ਹੀ ਰਹਿ ਗਏ ਹਨ।

Meghalaya mine

ਸ਼ਿਲਾਂਗ : ਮੇਘਾਲਿਆ ਵਿਚ ਲਗਭਗ ਇਕ ਮਹੀਨੇ ਤੋਂ ਕੋਲਾ ਖਾਣ ਵਿਚ ਫਸੇ 15 ਮਜ਼ਦੂਰਾਂ ਦੀ ਭਾਲ ਦੌਰਾਨ ਨੇਵੀ ਅਤੇ ਆਰਓਵੀ ( ਪਾਣੀ ਦੇ ਅੰਦਰ ਚਲਣ ਵਾਲਾ ਰਿਮੋਟ ਵਾਹਨ) ਨੂੰ ਕੁਝ ਪਿੰਜਰ ਮਿਲੇ ਹਨ। ਇਸ ਗੱਲ ਦੀ ਜਾਣਕਾਰੀ ਨੇਵੀ ਨਾਲ ਜੁੜੇ ਸੂਤਰਾਂ ਨੇ ਦਿਤੀ ਹੈ। ਦੱਸ ਦਈਏ ਕਿ 370 ਫੁੱਟ ਡੂੰਘੀ ਖਾਣ ਵਿਚ ਇਕ ਨਦੀ ਦਾ ਪਾਣੀ ਆ ਜਾਣ ਕਾਰਨ 15 ਲੋਕ 13 ਦਸੰਬਰ ਤੋਂ ਫਸੇ ਹੋਏ ਹਨ। ਉਹਨਾਂ ਲੋਕਾਂ ਨੂੰ ਕੱਢਣ ਲਈ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਮਜ਼ਦੂਰਾਂ ਨੂੰ ਬਚਾਉਣ ਲਈ ਮੁਹਿੰਮ ਅਜੇ ਵੀ ਜਾਰੀ ਹੈ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖਾਣ ਵਿਚ ਸਲਫਰ ਦੀ ਮਾਤਰਾ ਵੱਧ ਹੋਣ ਕਾਰਨ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਹਨ ਅਤੇ ਉਹਨਾਂ ਦੇ ਪਿੰਜਰ ਹੀ ਰਹਿ ਗਏ ਹਨ। ਫੋਰੈਂਸਿਕ ਮਾਹਿਰਾਂ ਨੂੰ ਡੀਐਨਏ ਟੈਸਟ ਲਈ ਬੁਲਾਇਆ ਗਿਆ ਹੈ ਤਾਂ ਕਿ ਮਜ਼ਦੂਰਾਂ ਦੀ ਪਛਾਣ ਹੋ ਸਕੇ। ਬੀਤੇ ਦਿਨ ਹੀ ਇਸ ਗ਼ੈਰ ਕਾਨੂੰਨੀ ਕੋਲਾ ਖਾਣ ਤੋਂ 200 ਫੁੱਟ ਦੀ ਡੂੰਘਾਈ 'ਤੇ ਇਕ ਮਜ਼ਦੂਰ ਦੀ ਲਾਸ਼ ਮਿਲੀ ਹੈ। ਇਸ ਸਾਂਝੀ ਬਚਾਅ ਮੁਹਿੰਮ ਵਿਚ ਸਥਾਨਕ ਕਰਮਚਾਰੀਆਂ ਤੋਂ ਇਲਾਵਾ ਐਨਆਰਡੀਐਫ ਅਤੇ ਭਾਰਤੀ ਨੇਵੀ ਸ਼ਾਮਲ ਹਨ।

ਖਾਣ ਵਿਚੋਂ ਪਾਣੀ ਕੱਢਣ ਲਈ ਹਾਈ ਪਾਵਰ ਪੰਪਾਂ ਦੀ ਵਰਤੋਂ ਕੀਤੀ ਜਾ  ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਵੀ ਵੱਲੋਂ ਚਲਾਏ ਜਾ ਰਹੇ ਆਰਓਵੀ ਨੇ ਇਕ ਲਾਸ਼ ਬਰਾਮਦ ਕੀਤੀ ਹੈ। ਬਚਾਅ ਮੁਹਿੰਮ ਦੇ ਕਰਚਮਾਰੀਆਂ ਵੱਲੋਂ ਖਾਣ ਵਿਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਹੀਂ ਮਿਲ ਸਕੀ। ਇਸ ਤੋਂ ਬਾਅਦ ਨੇਵੀ ਨੇ ਪਾਣੀ ਦੇ ਅੰਦਰ ਰਿਮੋਟ ਨਾਲ ਚਲਣ ਵਾਲੇ ਵਾਹਨ ਦੀ ਵਰਤੋਂ ਕੀਤੀ।

ਲਗਭਗ 200 ਬਚਾਅ ਕਰਮਚਾਰੀ ਇਸ ਮੁਹਿੰਮ ਵਿਚ ਲਗੇ ਹੋਏ ਹਨ। ਸੁਪਰੀਮ ਕੋਰਟ ਨੇ ਸਰਕਾਰ ਨੂੰ ਇਸ ਬਚਾਅ ਮੁਹਿੰਮ ਨੂੰ ਜਾਰੀ ਰੱਖਣ ਦਾ ਹੁਕਮ ਕੀਤਾ ਸੀ। ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਕਿਹਾ ਸੀ ਕਿ ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਣ ਅਤੇ ਮਾਹਿਰਾਂ ਦੀ ਮਦਦ ਲਈ ਜਾਵੇ।