ਜਾਣੋ ਕਿਉਂ ਅਣਮਿੱਥੇ ਸਮੇਂ ਲਈ ਬੰਦ ਹੋ ਸਕਦਾ ਹੈ ਸਾਈਂ ਬਾਬਾ ਦਾ ਸ਼ਿਰਡੀ ਸ਼ਹਿਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਾਈਂ ਬਾਬਾ ਦੇ ਭਗਤ ਦਰਸ਼ਨ ਲਈ ਪਹੁੰਚਦੇ ਹਨ ਪਰ ਹੁਣ ਇਸ ਸ਼ਹਿਰ ਦੇ ਅਣਮਿੱਥੇ ਸਮੇਂ ਦੇ ਲਈ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ

File Photo

ਮੁੰਬਈ : ਸ਼ਿਰਡੀ ਸ਼ਹਿਰ ਭਲਕੇ (ਐਤਵਾਰ) ਤੋਂ ਅਣਮਿੱਥੇ ਸਮੇਂ ਦੇ ਲਈ ਬੰਦ ਹੋ ਸਕਦਾ ਹੈ ਜਿਸ ਦੇ ਕਾਰਨ ਸਾਈਂ ਮੰਦਰ ਵਿਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਪਰੇਸ਼ਾਨੀ ਦੇ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਿਰਡੀ ਦਾ ਸਾਈਂ ਮੰਦਰ ਹਿੰਦੂ ਅਤੇ ਮੁਸਲਮਾਨਾਂ ਦੋਵਾਂ ਦੇ ਲਈ ਆਸਥਾ ਦਾ ਪ੍ਰਤੀਕ ਹੈ।

ਮੀਡੀਆ ਰਿਪੋਰਟਾ ਅਨੁਸਾਰ ਸ਼ਿਰਡੀ ਸ਼ਹਿਰ ਬੰਦ ਹੋਣ ਦੇ ਪਿੱਛੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਾ ਇਕ ਬਿਆਨ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ''ਪਰਭਣੀ ਜਿਲ੍ਹੇ ਦੇ ਨੇੜੇ ਪਾਥਰੀ ਪਿੰਡ ਵਿਚ ਸਾਈਂ ਬਾਬਾ ਦੇ ਜਨਮ ਸਥਾਨ 'ਤੇ 100 ਕਰੋੜ ਦੇ ਵਿਕਾਸ ਕਾਰਜਾ ਦਾ ਕੰਮ ਕਰਵਾਇਆ ਜਾਵੇਗਾ। ਪਾਥਰੀ ਪਿੰਡ ਵਿਚ ਇਸ ਪ੍ਰੋਜੈਕਟ 'ਤੇ ਕੰਮ ਕੀਤਾ ਜਾਵੇਗਾ''। ਮੁੱਖ ਮੰਤਰੀ ਠਾਕਰੇ ਦੇ ਇਸ ਐਲਾਨ ਤੋਂ ਬਾਅਦ ਸ਼ਿਰਡੀ ਦੇ ਲੋਕ ਨਿਰਾਸ਼ ਹਨ।

ਰਿਪੋਰਟਾ ਅਨੁਸਾਰ ਸ਼ਿਰਡੀ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਸਾਫ਼ ਕਰੇ ਕਿ ਪਾਥਰੀ ਵਿਚ ਵਿਕਾਸ ਦਾ ਕੰਮ ਇਸ ਲਈ ਨਹੀਂ ਹੋਵੇਗਾ ਕਿ ਉੱਥੇ ਸਾਈਂ ਦਾ ਜਨਮ ਹੋਇਆ ਹੈ। ਸਾਈਂ ਬਾਬਾ ਦੇ ਜਨਮ ਸਥਾਨ 'ਤੇ ਹੋਏ ਵਿਵਾਦ ਨੂੰ ਲੈ ਕੇ ਸ਼ਿਵਸੈਨਾ ਦੇ ਮੰਤਰੀ ਅਬਦੁਲ ਸਤਾਰ ਦਾ ਇਕ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਈਂ ਬਾਬਾ ਦੇ ਜਨਮ ਸਥਾਨ ਪਾਥਰੀ ਨੂੰ ਸਰਕਾਰ ਵੱਲੋਂ ਜੋ ਫੰਡ ਦੇਣ ਦੀ ਗੱਲ ਹੋਈ ਉਸ 'ਤੇ ਬਕਾਇਦਾ ਮੀਟਿੰਗ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਾਗਜ਼ਪੱਤਰਾ ਦੇ ਨਾਲ ਦੱਸਿਆ ਗਿਆ ਸੀ ਕਿ ਸਾਈਂ ਬਾਬਾ ਦਾ ਜਨਮ ਪਰਭਣੀ ਦੇ ਪਾਥਰੀ ਪਿੰਡ ਵਿਚ ਹੀ ਹੋਇਆ ਸੀ। ਇਸੇ ਦੇ ਅਧਾਰ 'ਤੇ ਉਸ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਵਿਵਾਦ ਪੁਰਾਣਾ ਹੈ ਅਤੇ ਪਾਥਰੀ ਦੇ ਵਿਕਾਸ ਨਾਲ ਸ਼ਿਰਡੀ ਦੇ ਸਾਈਂ ਬਾਬਾ ਦੇ ਮੰਦਰ 'ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਨੇ ਮੰਦਰ ਨੂੰ ਬੰਦ ਰੱਖਣ ਦੇ ਬਾਰੇ ਵਿਚ ਕਿਹਾ ਕਿ ਸ਼ਿਰਡੀ ਦੇ ਲੋਕਾਂ ਦਾ ਇਹ ਸਹੀ ਫੈਸਲਾ ਨਹੀਂ ਹੈ।ਉੱਥੇ ਹੀ ਸ਼ਿਰਡੀ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਈਂ ਬਾਬਾ ਦਾ ਜਨਮ ਪਾਥਰੀ ਵਿਚ ਨਹੀਂ ਬਲਕਿ ਸ਼ਿਰਡੀ ਵਿਚ ਹੋਇਆ ਹੈ।

ਦੱਸ ਦਈਏ ਕਿ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਾਈਂ ਬਾਬਾ ਦੇ ਭਗਤ ਦਰਸ਼ਨ ਲਈ ਪਹੁੰਚਦੇ ਹਨ ਪਰ ਹੁਣ ਇਸ ਸ਼ਹਿਰ ਦੇ ਅਣਮਿੱਥੇ ਸਮੇਂ ਦੇ ਲਈ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਜਿਸ ਦੇ ਚੱਲਦੇ ਸ਼ਿਰਡੀ ਵਿਚ ਸਾਈਂ ਬਾਬਾ ਦੇ ਦਰਸ਼ਨਾ ਦੇ ਲਈ ਜਾਣ ਵਾਲੇ ਭਗਤਾ ਨੂੰ ਆਪਣੇ ਬਾਬਾ ਦੇ ਦਰਸ਼ਨ ਤਾਂ ਮਿਲਣਗੇ ਪਰ ਸ਼ਿਰਡੀ ਸ਼ਹਿਰ ਵਿਚ ਖਾਣਾ,ਪਾਣੀ ਅਤੇ ਰਹਿਣ ਦੀ ਸਹੂਲਤ ਨਹੀਂ ਮਿਲੇਗੀ।