'ਮੇਕ ਇਨ ਇੰਡੀਆ' ਬਣ ਗਈ ਹੈ 'ਜੋਕ ਇਨ ਇੰਡੀਆ' - ਮੁੱਖ ਮੰਤਰੀ ਤੇਲੰਗਾਨਾ
ਕਿਹਾ ਕਿ ਮੇਕ ਇਨ ਇੰਡੀਆ ਹੈ, ਪਰ ਹਰ ਗਲੀ ਵਿੱਚ ਚਾਈਨਾ ਬਜ਼ਾਰ ਹਨ
ਖੰਮਮ - ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ 'ਮੇਕ ਇਨ ਇੰਡੀਆ' ਪਹਿਲ 'ਜੋਕ ਇਨ ਇੰਡੀਆ' ਬਣ ਗਈ ਹੈ।
ਇੱਥੇ ਭਾਰਤ ਰਾਸ਼ਟਰ ਸਮਿਤੀ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਓ ਨੇ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਤੋਂ ਬਾਅਦ 2024 ਵਿੱਚ ਕੇਂਦਰ ਵਿੱਚ 'ਬੀ.ਆਰ.ਐਸ. ਪ੍ਰਸਤਾਵਿਤ ਸਰਕਾਰ' ਸੱਤਾ ਵਿੱਚ ਆਉਂਦੀ ਹੈ, ਤਾਂ ਦੇਸ਼ ਭਰ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਨੇ ਕੇਂਦਰ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਦੇ ਪ੍ਰੋਗਰਾਮ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, "ਮੇਕ ਇਨ ਇੰਡੀਆ ਪਹਿਲਕਦਮੀ ਜੋਕ ਇਨ ਇੰਡੀਆ ਬਣ ਗਈ ਹੈ। ਮੇਕ ਇਨ ਇੰਡੀਆ ਹੈ, ਪਰ ਹਰ ਗਲੀ (ਦੇਸ਼ ਵਿੱਚ) ਚਾਈਨਾ ਬਜ਼ਾਰ ਹਨ।
ਉਨ੍ਹਾਂ ਕਿਹਾ ਕਿ ਜੇਕਰ ਬੀ.ਆਰ.ਐੱਸ. ਸੱਤਾ 'ਚ ਆਉਂਦੀ ਹੈ ਤਾਂ ਹਥਿਆਰਬੰਦ ਬਲਾਂ 'ਚ ਭਰਤੀ ਲਈ ਅਗਨੀਪਥ ਯੋਜਨਾ ਖ਼ਤਮ ਕਰ ਦਿੱਤੀ ਜਾਵੇਗੀ। ਕੇ.ਸੀ.ਆਰ. ਨੇ ਕਿਹਾ ਕਿ ਤੇਲੰਗਾਨਾ ਦੇ ਰਾਇਤੂ ਬੰਧੂ (ਕਿਸਾਨਾਂ ਦੀ ਭਲਾਈ ਲਈ) ਵਰਗੀਆਂ ਯੋਜਨਾਵਾਂ ਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਉਨ੍ਹਾਂ ਦੀ ਪਾਰਟੀ ਦਾ ਨਾਅਰਾ ਅਤੇ ਮੰਗ ਵੀ ਹੈ।
ਉਨ੍ਹਾਂ ਨੇ ਭਾਜਪਾ ਅਤੇ ਕਾਂਗਰਸ 'ਤੇ ਨਿਸ਼ਾਨਾ ਸੇਧਦੇ ਹੋਏ ਦੋਸ਼ ਲਗਾਇਆ ਕਿ ਅੰਤਰ-ਰਾਜੀ ਪਾਣੀ ਦੇ ਮੁੱਦੇ ਲਈ ਦੋਵੇਂ ਪਾਰਟੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਬੀ.ਆਰ.ਐਸ. ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੇ ਵਿਨਿਵੇਸ਼ ਦਾ ਸਖ਼ਤ ਵਿਰੋਧ ਕਰ ਰਿਹਾ ਹੈ।
ਬੀ.ਆਰ.ਐਸ. ਪ੍ਰਧਾਨ ਰਾਓ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ, ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਜਨਰਲ ਸਕੱਤਰ ਡੀ. ਰਾਜਾ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਸ਼ਾਮਲ ਹੋਏ।