ਇਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ - ਪੰਜਾਬ ਦੀ ਸਿਮਰਨਜੀਤ ਅਤੇ ਤੇਲੰਗਾਨਾ ਦੀ ਨਿਕਹਤ ਜਿੱਤੀਆਂ 

ਏਜੰਸੀ

ਖ਼ਬਰਾਂ, ਖੇਡਾਂ

ਚੈਂਪੀਅਨਸ਼ਿਪ ਵਿੱਚ 12 ਭਾਰ ਵਰਗਾਂ ਵਿੱਚ ਕੁੱਲ 302 ਮਹਿਲਾ ਮੁੱਕੇਬਾਜ਼ ਹਿੱਸਾ ਲੈ ਰਹੀਆਂ ਹਨ

Image

 

ਭੋਪਾਲ - ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ (50 ਕਿੱਲੋ) ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਿਮਰਨਜੀਤ ਕੌਰ (60 ਕਿੱਲੋ) ਨੇ ਮੰਗਲਵਾਰ ਨੂੰ ਇੱਥੇ ਛੇਵੀਂ ਇਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤਾਂ ਨਾਲ ਆਪਣੀ ਮੁਹਿੰਮ ਦੀ ਦਬਦਬੇ ਭਰੀ ਸ਼ੁਰੂਆਤ ਕੀਤੀ।

ਤੇਲੰਗਾਨਾ ਦੀ ਨਿਕਹਤ ਨੇ ਆਪਣੇ ਰਾਊਂਡ ਆਫ਼ 32 ਦੇ ਮੁਕਾਬਲੇ ਵਿੱਚ ਤਾਮਿਲਨਾਡੂ ਦੀ ਐਲਕੇ ਅਬਿਨਾਯਾ ਖ਼ਿਲਾਫ਼ ਆਰਾਮਦਾਇਕ ਜਿੱਤ ਦਰਜ ਕੀਤੀ। ਅਬਿਨਾਯਾ ਕੋਲ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਦੇ ਜ਼ਬਰਦਸਤ ਪੰਚਾਂ ਦਾ ਕੋਈ ਜਵਾਬ ਨਹੀਂ ਸੀ ਅਤੇ ਰੈਫ਼ਰੀ ਨੂੰ ਪਹਿਲੇ ਦੌਰ ਵਿੱਚ ਹੀ ਬਾਊਟ ਰੋਕਣਾ ਪਿਆ।

ਨਿਕਹਤ ਵੀਰਵਾਰ ਨੂੰ ਪ੍ਰੀ-ਕੁਆਰਟਰ ਫ਼ਾਈਨਲ 'ਚ ਮੇਘਾਲਿਆ ਦੀ ਈਵਾ ਮਾਰਬਾਨਿਯਾਂਗ ਨਾਲ ਭਿੜੇਗੀ।

ਪੰਜਾਬ ਦੀ ਸਿਮਰਨਜੀਤ ਨੇ ਲੱਦਾਖ ਦੀ ਨਿਲਜਯਾ ਅੰਗਮੋ ਖ਼ਿਲਾਫ਼ 32ਵੇਂ ਦੌਰ ਦੇ ਮੁਕਾਬਲੇ ਵਿੱਚ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਉਸ ਦੇ ਤਾਬੜਤੋੜ ਮੁੱਕਿਆਂ ਤੋਂ ਨਿਲਜਯਾ ਨੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਰੈਫ਼ਰੀ ਨੇ ਪਹਿਲੇ ਗੇੜ ਦੇ ਆਖਰੀ ਪਲਾਂ ਵਿੱਚ ਬਾਊਟ ਰੋਕਣ ਤੋਂ ਬਾਅਦ ਸਿਮਰਨਜੀਤ ਨੂੰ ਜੇਤੂ ਐਲਾਨ ਦਿੱਤਾ।

ਸਿਮਰਨਜੀਤ ਪ੍ਰੀ-ਕੁਆਰਟਰ ਫ਼ਾਈਨਲ ਵਿੱਚ ਝਾਰਖੰਡ ਦੀ ਪੂਜਾ ਬੇਹੜਾ ਨਾਲ ਭਿੜੇਗੀ।

ਵਿਸ਼ਵ ਚੈਂਪੀਅਨਸ਼ਿਪ 2019 ਦੀ ਚਾਂਦੀ ਦਾ ਤਮਗਾ ਜੇਤੂ ਰੇਲਵੇ ਦੀ ਮੰਜੂ ਰਾਣੀ (48 ਕਿੱਲੋ) ਨੇ ਮਹਾਰਾਸ਼ਟਰ ਦੀ ਪ੍ਰਿਅੰਕਾ ਸ਼ਿਰਸਾਲੇ ਨੂੰ ਇਕਪਾਸੜ ਮੁਕਾਬਲੇ ਵਿੱਚ ਹਰਾਇਆ, ਜਦਕਿ ਏਸ਼ਿਆਈ ਚੈਂਪੀਅਨਸ਼ਿਪ 2022 ਦੀ ਸੋਨ ਤਮਗਾ ਜੇਤੂ ਹਰਿਆਣਾ ਦੀ ਸਵੀਟੀ ਬੂਰਾ (81 ਕਿੱਲੋ) ਨੇ ਆਂਧਰਾ ਪ੍ਰਦੇਸ਼ ਦੀ ਐਮ ਸਤੀਵਾਦਾ ਨੂੰ 5-0 ਨਾਲ ਹਰਾਇਆ।

ਚੈਂਪੀਅਨਸ਼ਿਪ ਵਿੱਚ 12 ਭਾਰ ਵਰਗਾਂ ਵਿੱਚ ਕੁੱਲ 302 ਮਹਿਲਾ ਮੁੱਕੇਬਾਜ਼ ਹਿੱਸਾ ਲੈ ਰਹੀਆਂ ਹਨ।