ਮਮਤਾ ਸਰਕਾਰ ਦੇ ਮੰਤਰੀ ਜ਼ਾਕਿਰ ਹੁਸੈਨ ’ਤੇ ਹਮਲਾ, ਹਸਪਤਾਲ ਵਿਚ ਭਰਤੀ
ਹਮਲੇ ਵਿਚ ਮੰਤਰੀ ਅਤੇ ਦੋ ਲੋਕ ਗੰਭੀਰ ਜ਼ਖਮੀ
ਕੋਲਕਾਤਾ: ਬੀਤੀ ਰਾਤ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਸਰਕਾਰ ਵਿਚ ਕਿਰਤ ਮੰਤਰੀ ਜ਼ਾਕਿਰ ਹੁਸੈਨ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ। ਹਮਲੇ ਵਿਚ ਮੰਤਰੀ ਅਤੇ ਦੋ ਹੋਰ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਜ਼ਾਕਿਰ ਹੁਸੈਨ ਕੋਲਕਾਤਾ ਜਾਣ ਲਈ ਮੁਰਸ਼ੀਦਾਬਾਦ ਰੇਲਵੇ ਸਟੇਸ਼ਨ ਜਾ ਰਹੇ ਸੀ। ਇਸ ਦੌਰਾਨ ਉਹਨਾਂ ‘ਤੇ ਬੰਬ ਨਾਲ ਹਮਲਾ ਕੀਤਾ ਗਿਆ।
ਮੰਤਰੀ ਅਤੇ ਹੋਰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੰਤਰੀ ਦੀ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਮੁਰਸ਼ੀਦਾਬਾਦ ਮੈਡੀਕਲ ਕਾਲਜ ਦੇ ਸੁਪਰਡੈਂਟ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਕਿਰਤ ਮੰਤਰੀ ਜ਼ਾਕਿਰ ਹੁਸੈਨ ਖ਼ਤਰੇ ਤੋਂ ਬਾਹਰ ਹਨ। ਉਹਨਾਂ ਦੇ ਇਕ ਹੱਥ ਅਤੇ ਇਕ ਲੱਟ ‘ਤੇ ਸੱਟ ਵੱਜੀ ਹੈ।
ਇਹ ਹਮਲਾ ਕਿਸ ਵੱਲੋਂ ਕੀਤਾ ਗਿਆ, ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਵਿਚ ਇਸ ਸਾਲ ਅਪ੍ਰੈਲ-ਮਈ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚਲਦਿਆਂ ਸੂਬੇ ਦਾ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਚੁਣਵੀ ਮਾਹੌਲ ਦੇ ਚਲਦਿਆਂ ਲਗਾਤਾਰ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਰੇਲ ਮੰਤਰੀ ਨੇ ਕੀਤੀ ਘਟਨਾ ਦੀ ਨਿੰਦਾ
ਇਸ ਘਟਨਾ ਤੋਂ ਬਾਅਦ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕਰਦਿਆਂ ਇਸ ਘਟਨਾ ਦੀ ਨਿੰਦਾ ਕੀਤੀ। ਉਹਨਾਂ ਲਿਖਿਆ, ‘ਮੈਂ ਪੱਛਮੀ ਬੰਗਾਲ ਦੇ ਨਿਮਟੀਟਾ ਰੇਲਵੇ ਸਟੇਸ਼ਨ ‘ਤੇ ਹੋਏ ਬੰਬ ਹਮਲੇ ਦੀ ਨਿੰਦਾ ਕਰਦਾ ਹਾਂ। ਇਸ ਹਮਲੇ ਵਿਚ ਜੋ ਜ਼ਖਮੀ ਹੋਏ, ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ’।