ਭਾਰਤ 'ਚ 2293 ਸਿਆਸੀ ਪਾਰਟੀਆਂ ਨਾਮਜ਼ਦ, 6.5% ਪਿਛਲੇ 3 ਮਹੀਨਿਆਂ 'ਚ ਬਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਰਵਰੀ-ਮਾਰਚ ਵਿਚਕਾਰ 149 ਸਿਆਸੀ ਪਾਰਟੀਆਂ ਨੇ ਰਜਿਸਟ੍ਰੇਸ਼ਨ ਕਰਵਾਈ

India now has 2,293 political parties

ਨਵੀਂ ਦਿੱਲੀ : 'ਸੱਭ ਤੋਂ ਵੱਡੀ ਪਾਰਟੀ'... ਤੁਸੀ ਸੋਚ ਰਹੇ ਹੋਵੋਗੇ ਕਿ ਕਿਹੜੀ ਸੱਭ ਤੋਂ ਵੱਡੀ ਪਾਰਟੀ ਹੈ? ਦਰਅਸਲ ਇਹ ਇਕ ਸਿਆਸੀ ਪਾਰਟੀ ਦਾ ਨਾਂ ਹੈ ਅਤੇ ਇਸ ਤਰ੍ਹਾਂ ਦੀਆਂ ਛੋਟੀਆਂ-ਵੱਡੀਆਂ ਲਗਭਗ 2300 ਸਿਆਸੀ ਪਾਰਟੀਆਂ ਚੋਣ ਕਮਿਸ਼ਨ ਕੋਲ ਨਾਮਜ਼ਦ ਹਨ। ਭਾਰਤ ਚੋਣ ਕਮਿਸ਼ਨ 'ਚ ਸਿਆਸੀ ਪਾਰਟੀਆਂ ਨੇ ਨਵੇਂ ਡਾਟੇ ਮੁਤਾਬਕ ਦੇਸ਼ 'ਚ ਕੁਲ 2293 ਸਿਆਸੀ ਪਾਰਟੀਆਂ ਹਨ। ਚੋਣ ਕਮਿਸ਼ਨ 'ਚ ਨਾਮਜ਼ਦ ਇਨ੍ਹਾਂ ਪਾਰਟੀਆਂ 'ਚੋਂ 7 ਮਾਨਤਾ ਪ੍ਰਾਪਤ ਕੌਮੀ ਅਤੇ 59 ਗ਼ੈਰ-ਮਾਨਤਾ ਪ੍ਰਾਪਤ ਸੂਬਾ ਪੱਧਰੀ ਪਾਰਟੀਆਂ ਹਨ।

ਆਮ ਤੌਰ 'ਤੇ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੀ ਨਾਮਜ਼ਦਗੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ ਨੇ ਨਾਮਜ਼ਦਗੀ ਲਈ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਇਆ ਹੈ। ਇਕੱਲੇ ਫ਼ਰਵਰੀ ਅਤੇ ਮਾਰਚ ਵਿਚਕਾਰ 149 ਸਿਆਸੀ ਪਾਰਟੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਸਿਆਸੀ ਪਾਰਟੀਆਂ ਦੀ ਨਾਮਜ਼ਦਗੀ ਦਾ ਇਹ ਸਿਲਸਿਲਾ ਲੋਕ ਸਭਾ ਚੋਣਾਂ ਦੇ ਐਲਾਨ ਦੇ ਇਕ ਦਿਨ ਪਹਿਲਾਂ 9 ਮਾਰਚ ਤਕ ਚੱਲਿਆ।

ਪਿਛਲੇ ਸਾਲ ਨਵੰਬਰ-ਦਸੰਬਰ ਦੌਰਾਨ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਮਿਜ਼ੋਰਮ ਅਤੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 58 ਸਿਆਸੀ ਪਾਰਟੀਆਂ ਨੇ ਆਪਣੀ ਨਾਮਜ਼ਦਗੀ ਕਰਵਾਈ ਸੀ। ਚੋਣ ਕਮਿਸ਼ਨ ਕੋਲ ਨਾਮਜ਼ਦਗੀ ਕਰਵਾਉਣ ਵਾਲੀਆਂ ਸਿਆਸੀ ਪਾਰਟੀਆਂ 'ਚ 'ਭਰੋਸਾ ਪਾਰਟੀ', 'ਰਾਸ਼ਟਰੀ ਸਾਫ਼ ਨੀਤੀ ਪਾਰਟੀ', 'ਸੱਭ ਤੋਂ ਵੱਡੀ ਪਾਰਟੀ' ਜਿਹੇ ਨਾਂ ਵਾਲੀਆਂ 2293 ਪਾਰਟੀਆਂ ਚੋਣ ਮੈਦਾਨ 'ਚ ਉਤਰਨ ਵਾਲੀਆਂ ਹਨ।

ਗ਼ੈਰ-ਮਾਨਤਾ ਪ੍ਰਾਪਤ ਪਾਰਟੀਆਂ ਕੋਲ ਆਪਣਾ ਕੋਈ ਚੋਣ ਨਿਸ਼ਾਨ ਨਹੀਂ : ਇਸ ਸਾਲ ਫ਼ਰਵਰੀ ਤੋਂ ਮਾਰਚ ਵਿਚਕਾਰ 149 ਪਾਰਟੀਆਂ ਦੀ ਨਾਮਜ਼ਦਗੀ ਕੀਤੀ ਗਈ ਹੈ। ਇਨ੍ਹਾਂ 'ਚ ਬਿਹਾਰ ਦੇ ਸੀਤਾਮੜ੍ਹੀ ਤੋਂ 'ਬਹੁਜਨ ਆਜ਼ਾਦ ਪਾਰਟੀ'', ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ 'ਸਮੂਹਕ ਏਕਤਾ ਪਾਰਟੀ', ਰਾਜਸਥਾਨ ਦੇ ਜੈਪੁਰ ਤੋਂ 'ਰਾਸ਼ਟਰੀ ਸਾਫ਼ ਨੀਤੀ', ਦਿੱਲੀ ਤੋਂ 'ਸੱਭ ਤੋਂ ਵੱਡੀ ਪਾਰਟੀ', ਤੇਲੰਗਾਨਾ ਤੋਂ 'ਭਰੋਸਾ ਪਾਰਟੀ' ਅਤੇ ਕੋਇੰਬਟੂਰ ਤੋਂ 'ਜੈਨਰੇਸ਼ਨ ਪੀਪਲਜ਼ ਪਾਰਟੀ' ਸ਼ਾਮਲ ਹਨ। ਇਹ 149 ਨਾਮਜ਼ਦ ਪਾਰਟੀਆਂ ਹਨ, ਪਰ ਗ਼ੈਰ-ਮਾਨਤਾ ਪ੍ਰਾਪਤ ਹਨ। ਇਨ੍ਹਾਂ ਪਾਰਟੀਆਂ ਕੋਲ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜਨ ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ। ਇਹ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ 'ਫਰੀ ਸਿੰਬਲ' ਉੱਤੇ ਚੋਣ ਲੜਨਗੀਆਂ। ਚੋਣ ਕਮਿਸ਼ਨ ਦੇ ਸਰਕੁਲਰ ਮੁਤਾਬਕ ਇਸ ਸਮੇਂ 84 ਫਰੀ ਸਿੰਬਲ ਉਪਲੱਬਧ ਹਨ।