ਕੇਂਦਰ ਮਨਜ਼ੂਰੀ ਦਿੰਦੀ ਹੈ ਤਾਂ 3 ਮਹੀਨੇ ਅੰਦਰ ਪੂਰੀ ਦਿੱਲੀ ਨੂੰ ਲੱਗ ਜਾਵੇਗੀ ਵੈਕਸੀਨ- ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ

Arvind Kejriwal

ਨਵੀਂ ਦਿੱਲੀ: ਲਗਾਤਾਰ ਵਧ ਰਹੇ ਕੋਰੋਨਾ ਵਾਇਰਲ ਦੇ ਮਾਮਲਿਆਂ ਨੂੰ ਲੈ ਕੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਮਰਜੈਂਸੀ ਬੈਠਕ ਬੁਲਾਈ ਹੈ। ਬੈਠਕ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ ਤਿੰਨ ਦਿਨਾਂ ਦੌਰਾਨ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਮਾਮਲਿਆਂ ਵਿਚ ਵਾਧਾ ਹੋਇਆ ਹੈ ਪਰ ਬਹੁਤ ਮਾਮੂਲੀ ਹੈ। ਕੇਜਰੀਵਾਲ ਨੇ ਕਿਹਾ ਇਸ ਤੋਂ ਘਰਬਾਉਣ ਦੀ ਲੋੜ ਨਹੀਂ ਹੈ। ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ ਅਤੇ ਇਸ ਸਬੰਧੀ ਮਹਿਰਾਂ ਦੀ ਰਾਇ ਵੀ ਲੈ ਰਹੇ ਹਾਂ।

ਦਿੱਲੀ ਸੀਐਮ ਨੇ ਕਿਹਾ ਹਰ ਰੋਜ਼ 30-40 ਹਜ਼ਾਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਰਿਹਾ ਹੈ। ਹੁਣ ਇਸ ਨੂੰ ਵਧਾ ਕੇ ਸਵਾ ਲੱਖ ਤੱਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਅਸੀਂ ਵੈਕਸੀਨ ਕੇਂਦਰਾਂ ਦੀ ਗਿਣਤੀ 500 ਤੋਂ ਵਧਾ ਕੇ 1000 ਕਰਾਂਗੇ। ਉਹਨਾਂ ਦੱਸਿਆ ਕਿ ਸਰਕਾਰੀ ਕੇਂਦਰਾਂ ਵਿਚ ਵੈਕਸੀਨ ਦੇਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ, ਜਿਸ ਨੂੰ ਹੁਣ ਵਧਾ ਕੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਕੀਤਾ ਜਾਵੇਗਾ।

ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਵਿਚ ਵੈਕਸੀਨ ਦਾ ਉਤਪਾਦਨ ਵਧ ਗਿਆ ਹੈ। ਇਸ ਲਈ ਜੋ ਵੈਕਸੀਨ ਦੇ ਯੋਗ ਨਹੀਂ ਹਨ ਉਹਨਾਂ ਤੋਂ ਇਲਾਵਾ ਸਾਰਿਆਂ ਲਈ ਵੈਕਸੀਨ ਖੋਲਣੀ ਚਾਹੀਦੀ ਹੈ। ਜੇਕਰ ਕੇਂਦਰ ਮਨਜ਼ੂਰੀ ਦਿੰਦੀ ਹੈ ਅਤੇ ਸਾਨੂੰ ਲੋੜੀਂਦੀ ਮਾਤਰਾ ਵਿਚ ਵੈਕਸੀਨ ਮਿਲਦੀ ਹੈ ਤਾਂ ਅਸੀਂ 3 ਮਹੀਨੇ ਦੇ ਅੰਦਰ ਪੂਰੀ ਦਿੱਲੀ ਵਿਚ ਵੈਕਸੀਨ ਲਗਾ ਸਕਦੇ ਹਾਂ।