ਬੋਰ ਕਰਦੇ ਸਮੇਂ ਧਰਤੀ ਹੇਠੋਂ ਨਿਕਲੀਆਂ ਅੱਗ ਦੀਆਂ ਲਾਟਾਂ ਅਤੇ ਲਾਵਾ
ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਨਹੀਂ ਪਿਆ ਅੱਗ ’ਤੇ ਕਾਬੂ
ਕੁਦਰਤ ਨਾਲ ਛੇੜਛਾੜ ਦੇ ਨਤੀਜੇ ਬਹੁਤ ਭਿਆਨਕ ਨਿਕਲ ਰਹੇ ਹਨ ਪਰ ਇਸ ਦੇ ਬਾਵਜੂਦ ਮਨੁੱਖ ਅਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਬੋਰਿੰਗ ਮਸ਼ੀਨ ਜਦੋਂ ਬੋਰ ਕਰ ਰਹੀ ਸੀ ਤਾਂ ਇਸ ਦੌਰਾਨ ਧਰਤੀ ਹੇਠੋਂ ਅੱਗ ਦੀਆਂ ਲਾਟਾਂ ਨਿਕਲਣਗੀਆਂ ਸ਼ੁਰੂ ਹੋ ਗਈਆਂ ਜਿਸ ਕਾਰਨ ਬੋਰ ਕਰਨ ਵਾਲੀ ਮਸ਼ੀਨ ਵਿਚ ਸੜ ਕੇ ਸੁਆਹ ਹੋ ਗਈ। ਬਾਅਦ ਵਿਚ ਬੋਰ ਵਾਲੀ ਥਾਂ ਤੋਂ ਲਾਵਾ ਵੀ ਨਿਕਲਣਾ ਸ਼ੁਰੂ ਹੋ ਗਿਆ
ਹਾਲਾਂਕਿ ਬੋਰ ਕਰ ਰਹੇ ਮੁਲਾਜ਼ਮਾਂ ਨੇ ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਕੋਈ ਇਸ ਘਟਨਾ ਨੂੰ ਮਹਾਰਾਸ਼ਟਰ ਦੇ ਕਿਸੇ ਇਲਾਕੇ ਦੀ ਦੱਸ ਰਿਹਾ ਹੈ ਤਾਂ ਕੋਈ ਅਫ਼ਰੀਕਾ ਦੇ ਮਾਲੀ ਦੀ, ਪਰ ਇਹ ਘਟਨਾ ਅਸਲ ਵਿਚ ਕਿੱਥੋਂ ਦੀ ਹੈ। ਇਸ ਬਾਰੇ ਫਿਲਹਾਲ ਅਜੇ ਕੋਈ ਪਤਾ ਨਹੀਂ ਚੱਲ ਸਕਿਆ।
ਘਟਨਾ ਭਾਵੇਂ ਕਿੱਥੋਂ ਦੀ ਹੋਵੇ ਪਰ ਕੁਦਰਤ ਨਾਲ ਛੇੜਛਾੜ ਦੇ ਨਤੀਜੇ ਹਰ ਪਾਸੇ ਬੁਰੇ ਹੀ ਨਿਕਲਦੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿਗਦਾ ਜਾ ਰਿਹਾ ਹੈ। ਜਿਸ ਕਾਰਨ ਪਾਣੀ ਦੀ ਭਾਰੀ ਕਿੱਲਤ ਹੁੰਦੀ ਜਾ ਰਹੀ ਹੈ। ਵਿਸ਼ਵ ਵਿਚ ਕਈ ਥਾਵਾਂ 'ਤੇ ਪਾਣੀ ਦੀ ਸਮੱਸਿਆ ਕਾਫ਼ੀ ਵਿਰਾਟ ਰੂਪ ਧਾਰਨ ਕਰ ਚੁੱਕੀ ਹੈ। ਕਈ ਅਫ਼ਰੀਕੀ ਦੇਸ਼ ਪਾਣੀ ਦੀ ਕਿੱਲਤ ਨਾਲ ਪੂਰੀ ਤਰ੍ਹਾਂ ਜੂਝ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਧਰਤੀ ਹੇਠ ਕੋਈ ਜਵਾਲਾਮੁਖੀ ਸਰਗਰਮ ਹੋ ਸਕਦਾ ਹੈ ਜਾਂ ਫਿਰ ਉਥੇ ਕੋਈ ਗੈਸ ਦਾ ਭੰਡਾਰ ਹੋਵੇਗਾ ਜਿਸ ਕਾਰਨ ਇਹ ਅੱਗ ਲੱਗੀ।