ਰਾਮ ਮਾਧਵ ਦੀ ਟੀਮ ਚ ਕੰਮ ਕਰਨ ਵਾਲੇ ਭਾਜਪਾ ਵਰਕਰ ਨੇ ਫਰੋਲੇ ਭਾਜਪਾ ਦੇ ਪੋਤੜੇ, ਲਿਖੀ ਖੁੱਲ੍ਹੀ ਚਿੱਠੀ
ਇਕ ਭਾਜਪਾ ਵਰਕਰ ਅਪਣੀ ਪਾਰਟੀ ਤੋਂ ਅਸਤੀਫ਼ਾ ਕਿਉਂ ਦੇਣਾ ਚਾਹੁੰਦਾ ਹੈ?...
ਨਵੀਂ ਦਿੱਲੀ : ਇਕ ਭਾਜਪਾ ਵਰਕਰ ਅਪਣੀ ਪਾਰਟੀ ਤੋਂ ਅਸਤੀਫ਼ਾ ਕਿਉਂ ਦੇਣਾ ਚਾਹੁੰਦਾ ਹੈ? ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਦੀ ਟੀਮ ਵਿਚ ਕੰਮ ਕਰਨ ਵਾਲੇ ਸ਼ਿਵਮ ਸ਼ੰਕਰ ਸਿੰਘ ਨੇ ਅਪਣੇ ਬਲਾਗ ਵਿਚ ਅਸਤੀਫ਼ੇ ਦਾ ਇਕ-ਇਕ ਕਾਰਨ ਦਸਿਆ ਹੈ। ਮਿਸ਼ੀਗਨ ਯੂਨੀਵਰਸਿਟੀ ਤੋਂ ਪਾਸਆਊਟ ਸ਼ਿਵਮ ਸ਼ੰਕਰ ਸਿੰਘ ਨੂੰ ਡੇਟਾ ਐਲਾਲਿਟਿਕਸ ਵਿਚ ਮੁਹਾਰਤ ਹਾਸਲ ਹੈ, ਉਸ ਨੇ ਰਾਮ ਮਾਧਵ ਦੇ ਨਾਲ ਮਿਲ ਕੇ ਭਾਜਪਾ ਨੂੰ ਕਈ ਪੂਰਬ-ਉੱਤਰ ਦੇ ਰਾਜਾਂ ਵਿਚ ਜਿੱਤ ਦਿਵਾਉਣ ਵਿਚ ਮਦਦ ਕੀਤੀ ਹੈ।
ਅਪਣੇ ਬਲਾਗ ਦੀ ਸ਼ੁਰੂਆਤ ਵਿਚ ਸ਼ਿਵਮ ਨੇ ਲਿਖਿਆ ਕਿ ਭਾਜਪਾ ਨੇ ਹੈਰਾਨੀਜਨਕ ਰੂਪ ਨਾਲ ਪ੍ਰਭਾਵੀ ਪ੍ਰਚਾਰ ਦੇ ਨਾਲ-ਨਾਲ ਕੁੱਝ ਖ਼ਾਸ ਮੈਸੇਜ਼ ਨੂੰ ਫੈਲਾਉਣ ਵਿਚ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਇਹੀ ਮੈਸੇਜ਼ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸ਼ਿਵਮ ਹੁਣ ਅੱਗੇ ਪਾਰਟੀ ਦਾ ਸਮਰਥਨ ਨਹੀਂ ਕਰ ਸਕਦੇ। ਸ਼ਿਵਮ ਨੇ ਲਿਖਿਆ ਕਿ ਹਰ ਪਾਰਟੀ ਵਿਚ ਕੁੱਝ ਨਾ ਕੁੱਝ ਚੰਗਿਆਈ ਵੀ ਹੁੰਦੀ ਹੈ..ਤਾਂ ਪਹਿਲਾਂ ਭਾਜਪਾ ਸਰਕਾਰ ਦੀ ਕੁੱਝ ਚੰਗਿਆਈ ਤੋਂ ਸ਼ੁਰੂਆਤ ਕਰਦੇ ਹਾਂ। ਇਹ ਚੰਗਿਆਈ ਕੀ ਹੈ?
ਸੜਕ ਨਿਰਮਾਣ ਵਿਚ ਪਹਿਲਾਂ ਤੋਂ ਜ਼ਿਆਦਾ ਤੇਜ਼ੀ ਆਈ ਹੈ। ਬਿਜਲੀ ਦਾ ਕੁਨੈਕਸ਼ਨ ਵਧ ਗਿਆ ਹੈ। ਸਾਰੇ ਪਿੰਡਾਂ ਵਿਚ ਬਿਜਲੀ ਮਿਲ ਰਹੀ ਹੈ ਅਤੇ ਜ਼ਿਆਦਾ ਸਮੇਂ ਲਈ ਮਿਲ ਰਹੀ ਹੈ। (ਕਾਂਗਰਸ ਨੇ 5 ਲੱਖ ਪਿੰਡਾਂ ਦਾ ਬਿਜਲੀਕਰਨ ਕੀਤਾ ਅਤੇ ਮੋਦੀ ਨੇ ਪਿਛਲੇ 18 ਹਜ਼ਾਰ ਪਿੰਡਾਂ ਨੂੰ ਕੁਨੈਕਟ ਕਰ ਕੇ ਕੰਮ ਪੂਰਾ ਕਰ ਲਿਆ ਅਤੇ ਤੁਸੀਂ ਉਪਲਬਧੀਆਂ ਦਾ ਅੰਦਾਜ਼ਾ ਅਪਣੇ ਆਪ ਆਪ ਤੋਂ ਹੀ ਲਗਾ ਸਕਦੇ ਹੋ)।ਉਪਰਲੇ ਪੱਧਰ 'ਤੇ ਭ੍ਰਿਸ਼ਟਾਚਾਰ ਘੱਟ ਹੋ ਗਿਆ ਹੈ। ਹੁਣ ਤਕ ਸਰਕਾਰ ਵਿਚ ਮੰਤਰੀਆਂ ਦੇ ਪੱਧਰ 'ਤੇ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
(ਪਰ ਯੂਪੀਏ-1 ਦੇ ਸਮੇਂ ਵਿਚ ਵੀ ਸੀ)। ਹੇਠਲੇ ਪੱਧਰ 'ਤੇ ਭ੍ਰਿਸ਼ਟਾਚਾਰ ਹੁਣ ਵੀ ਪਹਿਲਾਂ ਵਰਗਾ ਹੀ ਹੈ। ਸਿਹਤ ਭਾਰਤ ਮਿਸ਼ਨ ਸਫ਼ਲ ਹੈ। ਜ਼ਿਆਦਾ ਪਖ਼ਾਨਿਆਂ ਦਾ ਨਿਰਮਾਣ ਹੋਇਆ ਹੈ। ਉਜਵਲਾ ਯੋਜਨਾ ਇਕ ਚੰਗੀ ਪਹਿਲ ਹੈ ਪਰ ਇਸ ਯੋਜਨਾ ਤਹਿਤ ਕਿੰਨੇ ਲੋਕ ਦੂਜੇ ਸਿਲੰਡਰ ਖ਼ਰੀਦਦੇ ਹਨ, ਇਹ ਜਾਣਨ ਦੀ ਗੱਲ ਹੈ। ਪਹਿਲਾ ਸਿਲੰਡਰ ਅਤੇ ਇਕ ਸਟੋਵ ਤਾਂ ਮੁਫ਼ਤ ਵਿਚ ਮਿਲਦਾ ਹੈ ਪਰ ਦੁਬਾਰਾ ਭਰਵਾਉਣ ਲਈ ਪੈਸੇ ਦੇਣੇ ਪੈਂਦੇ ਹਨ, ਜਿਸ 'ਤੇ 800 ਰੁਪਏ ਲਾਗਤ ਆਉਂਦੀ ਹੈ। ਨਾਰਥ ਈਸਟ ਰਾਜਾਂ ਵਿਚ ਕਨੈਕਟੀਵਿਟੀ ਬਿਹਤਰ ਹੋਈ ਹੈ। ਹੁਣ ਮੁੱਖ ਧਾਰਾ ਦੇ ਸਮਾਚਾਰ ਚੈਨਲਾਂ ਵਿਚ ਇਨ੍ਹਾਂ ਰਾਜਾਂ ਨੂੰ ਜ਼ਿਆਦਾ ਜਗ੍ਹਾ ਮਿਲਦੀ ਹੈ।
ਲਾਅ ਐਂਡ ਆਰਡਰ ਵਿਚ ਬਿਹਤਰੀ ਆਈ ਹੈ। ਅਪਣੇ ਬਲਾਗ ਵਿਚ ਸ਼ਿਵਮ ਨੇ ਅੱਗੇ ਭਾਜਪਾ ਸਰਕਾਰ ਦੀਆਂ ਖ਼ਾਮੀਆਂ ਗਿਣਾਈਆਂ ਹਨ। ਉਹ ਆਖਦੇ ਹਨ ਕਿ ਇਕ ਸਿਸਟਮ ਜਾਂ ਦੇ਼ਸ ਨੂੰ ਬਣਾਉਣ ਵਿਚ ਸਾਲਾਂ ਸਾਲ ਲਗਦੇ ਹਨ ਅਤੇ ਭਾਜਪਾ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਰਬਾਦ ਕਰ ਦਿਤਾ ਹੈ। ਉਨ੍ਹਾਂ 7 ਖ਼ਾਮੀਆਂ ਨੂੰ ਗਿਣਾਇਆ ਹੈ।
ਇਲੈਕਟ੍ਰੋਲ ਬਾਂਡਸ : ਭਾਜਪਾ ਨੇ ਕਰੱਪਸ਼ਨ ਨੂੰ ਲੀਗਲਾਈਜ਼ਡ ਕਰ ਦਿਤਾ ਹੈ, ਜਿਸ ਕਾਰਨ ਕੋਈ ਵੀ ਵਿਦੇਸ਼ੀ ਸ਼ਕਤੀ ਜਾਂ ਕਾਰਪੋਰੇਟ ਸਿਆਸੀ ਪਾਰਟੀਆਂ ਨੂੰ ਖ਼ਰੀਦ ਸਕਦੀਆਂ ਹਨ। ਬਾਂਡ ਸਬੰਘੀ ਕਿਸੇ ਨੂੰ ਪਤਾ ਨਹੀਂ ਚਲਦਾ। ਅਜਿਹੇ ਵਿਚ ਜੇਕਰ ਕੋਈ ਕਾਰਪੋਰੇਟ ਕਿਸੇ ਖ਼ਾਸ ਨੀਤੀ ਨੂੰ ਲਾਗੂ ਕਰਵਾਉਣ ਲਈ ਇਕ ਹਜ਼ਾਰ ਕਰੋੜ ਦਾ ਇਲੈਕਟੋਰਲ ਬਾਂਡ ਪਾਰਟੀ ਨੂੰ ਦਿੰਦਾ ਹੈ ਤਾਂ ਜ਼ਾਹਿਰ ਹੈ ਕਿ ਉਸ ਦਾ ਕੰਮ ਹੋ ਜਾਵੇਗਾ। ਇਸ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਆਖ਼ਰ ਕਿਵੇਂ ਮਿਨਿਸਟ੍ਰੀਅਲ ਪੱਧਰ 'ਤੇ ਭ੍ਰਿਸ਼ਟਾਚਾਰ ਘੱਟ ਹੋਇਆ ਹੈ।
ਪਲਾਨਿੰਗ ਕਮਿਸ਼ਨ ਰਿਪੋਰਟ : ਇਹ ਡੇਟਾ ਲਈ ਇਕ ਅਹਿਮ ਸੋਰਸ ਸੀ। ਪਲਾਨਿੰਗ ਕਮਿਸ਼ਨ ਵਿਚ ਯੋਜਨਾਵਾਂ ਨੂੰ ਆਂਕਿਆ ਜਾਂਦਾ ਸੀ ਅਤੇ ਫਿਰ ਤੈਅ ਹੁੰਦਾ ਸੀ ਕਿ ਕੰਮ ਕਿਸ ਰਫ਼ਤਾਰ ਨਾਲ ਅਤੇ ਕਿਵੇਂ ਚੱਲ ਰਿਹਾ ਹੈ। ਹੁਣ ਕੋਈ ਬਦਲ ਨਹੀਂ ਹੈ। ਸਰਕਾਰ ਜੋ ਵੀ ਡੇਟਾ ਦਿੰਦੀ ਹੈ, ਉਸ 'ਤੇ ਭਰੋਸਾ ਕਰਨਾ ਪੈਂਦਾ ਹੈ। ਨੀਤੀ ਕਮਿਸ਼ਨ ਵੀ ਅਜਿਹਾ ਨਹੀਂ ਕਰਦਾ, ਉਹ ਤਾਂ ਇਕ ਪੀਆਰ ਅਤੇ ਥਿੰਕ ਟੈਂਕ ਏਜੰਸੀ ਵਰਗਾ ਹੈ।
ਸੀਬੀਆਈ ਅਤੇ ਈਡੀ ਦੀ ਗ਼ਲਤ ਵਰਤੋਂ : ਜਿਵੇਂ ਕਿ ਮੈਂ ਦੇਖ ਰਿਹਾ ਹੈ ਕਿ ਇਨ੍ਹਾਂ ਏਜੰਸੀਆਂ ਦੀ ਵਰਤੋਂ ਰਾਜਨੀਤੀ ਲਈ ਹੋ ਰਹੀ ਹੈ। ਜੇਕਰ ਅਜਿਹਾ ਨਹੀਂ ਵੀ ਹੋ ਰਿਹਾ ਹੈ ਤਾਂ ਮੋਦੀ-ਸ਼ਾਹ ਵਿਰੁਧ ਬੋਲਣ ਵਾਲਿਆਂ 'ਤੇ ਇਨ੍ਹਾਂ ਏਜੰਸੀਆਂ ਦਾ ਡਰ ਬਣਿਆ ਹੋਇਆ ਹੈ। ਵਿਰੋਧ ਕਰਨ ਵਾਲਿਆਂ ਨੂੰ ਰੋਕਣਾ ਲੋਕਤੰਤਰ 'ਤੇ ਖ਼ਤਰਾ ਹੈ। ਕਲਿਖੋ ਪੁਲ, ਜੱਜ ਲੋਇਆ, ਸ਼ੋਹਰਾਬੂਦੀਨ ਕਤਲ ਕੇਸ ਦੀ ਜਾਂਚ ਵਿਚ ਨਾਕਾਮ ਰਹਿਣਾ, ਉਨਾਵ ਵਿਚ ਇਕ ਅਜਿਹੇ ਵਿਧਾਇਕ ਨੂੰ ਬਚਾਉਣਾ ਜਿਸ ਦੇ ਰਿਸ਼ਤੇਦਾਰ 'ਤੇ ਇਕ ਲੜਕੀ ਦੇ ਪਿਤਾ ਦੀ ਹੱਤਿਆ ਦਾ ਦੋਸ਼ ਹੋਵੇ, ਐਫਆਈਆਰ ਇਕ ਸਾਲ ਬਾਅਦ ਦਰਜ ਹੋ ਸਕੀ।
ਨੋਟਬੰਦੀ : ਇਹ ਨਾਕਾਮ ਰਿਹਾ ਪਰ ਸਭ ਤੋਂ ਬੁਰਾ ਹੈ ਕਿ ਭਾਜਪਾ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ। ਨੋਟਬੰਦੀ ਨਾਲ ਟੈਰਰ ਫੰਡਿੰਗ ਨੂੰ ਰੋਕਣ, ਕੈਸ਼ ਨੂੰ ਘੱਟ ਕਰਨ ਵਰਗੀਆਂ ਗੱਲਾਂ ਬੇਤੁਕੀਆਂ ਹਨ। ਇਸ ਨੇ ਕਈ ਕਾਰੋਬਾਰ ਨੂੰ ਖ਼ਤਮ ਕਰ ਦਿਤਾ। ਜੀਐਸਟੀ : ਜਲਦਬਾਜ਼ੀ ਵਿਚ ਲਾਗੂ ਕੀਤਾ ਗਿਆ, ਜਿਸ ਨਾਲ ਕਾਰੋਬਾਰ ਨੂੰ ਨੁਕਸਾਨ ਪਹੁੰਚਿਆ। ਇਕ ਹੀ ਆਈਟਮ ਲਈ ਵੱਖ-ਵੱਖ ਰੇਟ, ਉਲਝੇ ਹੋਏ ਢਾਂਚੇ ਨੇ ਨੁਕਸਾਨ ਹੀ ਪਹੁੰਚਾਇਆ ਹੈ ਅਤੇ ਭਾਜਪਾ ਨੇ ਇਸ ਨਾਕਾਮੀ ਨੂੰ ਵੀ ਸਵੀਕਾਰ ਨਹੀਂ ਕੀਤਾ ਹੈ।
ਉਲਝੀ ਹੋਈ ਵਿਦੇਸ਼ ਨੀਤੀ : ਚੀਨ ਦੀ ਸ਼੍ਰੀਲੰਕਾ ਵਿਚ ਬੰਦਰਗਾਹ ਹੈ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਉਸ ਦੀ ਖ਼ਾਸੀ ਰੁਚੀ ਹੈ। ਅਸੀਂ ਚਾਰੇ ਪਾਸੇ ਤੋਂ ਘਿਰੇ ਹੋਏ ਹਾਂ। ਮਾਲਦੀਵ ਵਿਚ ਵਿਦੇਸ਼ ਨੀਤੀ ਅਸਫ਼ਲ ਰਹੀ। ਇਨ੍ਹਾਂ ਸਾਰਿਆਂ ਦੇ ਬਾਵਜੂਦ ਮੋਦੀ ਜਦੋਂ ਵਿਦੇਸ਼ ਜਾਂਦੇ ਹਨ ਤਾਂ ਇਹ ਕਹਿੰਦੇ ਹਨ ਤਾਂ ਭਾਰਤੀਆਂ ਦਾ 2014 ਤੋਂ ਪਹਿਲਾਂ ਵਿਸ਼ਵ ਵਿਚ ਕੋਈ ਸਨਮਾਨ ਨਹੀਂ ਸੀ ਅਤੇ ਹੁਣ ਬਹੁਤ ਸਨਮਾਨ ਮਿਲ ਰਿਹਾ ਹੈ। (ਇਹ ਬਿਲਕੁਲ ਬੇਤੁਕਾ ਹੈ, ਵਿਦੇਸ਼ ਵਿਚ ਭਾਰਤ ਦਾ ਸਨਮਾਨ, ਵਧਦੀ ਅਰਥਵਿਵਸਥਾ ਅਤੇ ਆਈਟੀ ਖੇਤਰ ਦਾ ਸਿੱਧਾ ਨਤੀਜਾ ਹੁੰਦਾ ਹੈ। ਇਹ ਮੋਦੀ ਦੀ ਵਜ੍ਹਾ ਨਾਲ ਥੋੜ੍ਹਾ ਵੀ ਨਹੀਂ ਵਧਿਆ, ਬਲਕਿ ਬੀਫ਼ ਦੇ ਸ਼ੱਕ ਵਿਚ ਹੱਤਿਆ, ਪੱਤਰਕਾਰਾਂ ਨੂੰ ਧਮਕੀ ਦੀ ਵਜ੍ਹਾ ਨਾਲ ਖ਼ਰਾਬ ਹੀ ਹੋਇਆ ਹੈ)।
ਯੋਜਨਾਵਾਂ ਦੀ ਅਸਫ਼ਲਤਾ : ਸਾਂਸਦ ਆਦਰਸ਼ ਗ੍ਰਾਮ ਯੋਜਨਾ, ਮੇਕ ਇਨ ਇੰਡੀਆ, ਸਕਿਲ ਡਿਵੈਲਪਮੈਂਟ, ਫ਼ਸਲ ਬੀਮਾ ਯੋਜਨਾ (ਇਹ ਸਰਕਾਰਾਂ ਇੰਸ਼ੋਰੈਂਸ ਕੰਪਨੀਆਂ ਲਈ ਯੋਜਨਾਵਾਂ ਬਣਾ ਰਹੀਆਂ ਨੇ ਕੀ?)। ਰੁਜ਼ਗਾਰ ਅਤੇ ਕਿਸਾਨ ਸੰਕਟ ਲਈ ਕੁੱਝ ਵੀ ਨਹੀਂ ਕਰ ਸਕੀ ਸਰਕਾਰ। ਹਰ ਅਸਲ ਮੁੱਦੇ ਨੂੰ ਵਿਰੋਧੀ ਪਾਰਟੀਆਂ ਦਾ ਸਟੰਟ ਦੱਸਦਾ।
ਪਟਰੌਲ-ਡੀਜ਼ਲ ਦੇ ਵਧਦੇ ਭਾਅ : ਇਸ ਦੀਆਂ ਕੀਮਤਾਂ ਨੂੰ ਲੈ ਕੇ ਮੋਦੀ, ਭਾਜਪਾ ਦੇ ਮੰਤਰੀ ਅਤੇ ਸਾਰੇ ਸਮਰਥਕਾਂ ਨੇ ਕਾਂਗਰਸ ਦੀ ਆਲੋਚਨਾ ਕੀਤੀ ਸੀ। ਹੁਣ ਪਟਰੌਲ-ਡੀਜ਼ਲ ਦੀ ਵਧਦੀ ਕੀਮਤ ਨੂੰ ਇਹ ਸਹੀ ਸਾਬਤ ਦੱਸ ਰਹੇ ਹਨ ਜਦਕਿ ਪਹਿਲਾਂ ਦੀ ਤੁਲਨਾ ਵਿਚ ਕੱਚਾ ਤੇਲ ਹੁਣ ਸਸਤਾ ਹੈ। ਸਭ ਤੋਂ ਜ਼ਰੂਰੀ ਮੁੱਦੇ 'ਤੇ ਗੱਲ ਨਹੀਂ : ਐਜੁਕੇਸ਼ਨ ਅਤੇ ਹੈਲਥ ਕੇਅਰ ਵਰਗੇ ਸਭ ਤੋਂ ਅਹਿਮ ਮੁੱਦਿਆਂ 'ਤੇ ਗੱਲ ਨਹੀਂ ਹੁੰਦੀ ਹੈ। ਸਰਕਾਰੀ ਸਕੂਲਾਂ ਦੀ ਹਾਲਤ ਕਿਸੇ ਤੋਂ ਛੁਪੀ ਨਹੀਂ ਹੈ। ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ 4 ਸਾਲ ਵਿਚ ਹੈਲਥਕੇਅਰ ਦੀ ਵੀ ਹਾਲਤ ਖ਼ਸਤਾ ਹੈ।
ਬਦਸੂਰਤ ਕੀ ਹੈ? : ਸ਼ਿਵਮ ਸ਼ੰਕਰ ਸਿੰਘ ਨੇ ਅਪਣੇ ਬਲਾਗ ਵਿਚ ਲਿਖਿਆ ਕਿ ਉਨ੍ਹਾਂ ਮੁਤਾਬਕ ਇਸ ਸਰਕਾਰ ਦਾ ਸਭ ਤੋਂ ਨਕਰਾਤਮਕ ਚਿਹਰਾ ਹੈ ਕਿ ਕਿਵੇਂ ਇਸ ਨੇ ਦੇਸ਼ ਵਿਚ ਗੱਲਬਾਤ ਦਾ ਮੁੱਦਾ ਹੀ ਬਦਲ ਕੇ ਰੱਖ ਦਿਤਾ। ਇਹ ਪੂਰੇ ਪਲਾਨ ਦੇ ਤਹਿਤ ਕੀਤਾ ਗਿਆ। ਸ਼ਿਵਮ ਨੇ ਮੋਦੀ ਸਰਕਾਰ ਦੇ '8 ਬਦਸੂਰਤੀ' ਅਪਣੇ ਬਲਾਗ ਵਿਚ ਦੱਸੇ ਹਨ।
ਸਰਕਾਰ ਨੇ ਮੀਡੀਆ ਨੂੰ ਬਦਨਾਮ ਕਰ ਦਿਤਾ ਹੈ। ਹਰ ਸਵਾਲ ਉਠਾਉਣ ਵਾਲੇ ਪੱਤਰਕਾਰਾਂ ਨੂੰ ਵਿਕਿਆ ਹੋਇਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਮੁੱਦੇ ਉਠਾਉਂਦੇ ਹਨ ਅਤੇ ਖ਼ੁਦ ਹੀ ਉਨ੍ਹਾਂ ਮੁੱਦਿਆਂ ਦੀ ਅਣਦੇਖੀ ਕਰ ਕੇ ਛੱਡ ਜਾਂਦੇ ਹਨ। ਅਜਿਹਾ ਦਸਿਆ ਜਾ ਰਿਹਾ ਹੈ ਕਿ 70 ਸਾਲ ਵਿਚ ਭਾਰਤ ਵਿਚ ਕੁੱਝ ਵੀ ਨਹੀਂ ਹੋਇਆ ਜੋ ਹੋ ਰਿਹਾ ਹੈ, ਇਸ ਸਰਕਾਰ ਵਿਚ ਹੋ ਰਿਹਾ ਹੈ। ਇਹ ਬਿਲਕੁਲ ਝੂਠ ਹੈ ਅਤੇ ਇਹ ਮਾਨਸਿਕਤਾ ਦੇਸ਼ ਲਈ ਖ਼ਤਰਨਾਕ ਹੈ। ਇਸ ਸਰਕਾਰ ਨੇ ਇਸ਼ਤਿਹਾਰਾਂ 'ਤੇ ਸਾਡੇ ਕਰਦਾਤਾਵਾਂ ਦੇ ਪੈਸੇ ਦਾ 4 ਹਜ਼ਾਰ ਕਰੋੜ ਖ਼ਰਚ ਕੀਤਾ ਅਤੇ ਹੁਣ ਇਹ ਟ੍ਰੈਂਡ ਬਣ ਜਾਵੇਗਾ।
ਕੰਮ ਛੋਟਾ, ਬ੍ਰਾਂਡਿੰਗ ਵੱਡੀ। ਮੋਦੀ ਕੋਈ ਅਜਿਹੇ ਪਹਿਲੇ ਨਹੀਂ ਸਨ ਜੋ ਸੜਕ ਬਣਾ ਰਹੇ ਹਨ। ਉਨ੍ਹਾਂ ਤੋਂ ਬਿਹਤਰ ਸੜਕਾਂ ਮਾਇਆਵਤੀ ਅਤੇ ਅਖਿਲੇਸ਼ ਨੇ ਬਣਵਾਈਆਂ ਹਨ ਪਰ ਹਰ ਸਕੀਮ ਦਾ ਪ੍ਰਚਾਰ ਕੁੱਝ ਇਵੇਂ ਹੀ ਕੀਤਾ ਜਾ ਰਿਹਾ ਹੈ। ਫੇਕ ਨਿਊਜ਼ ਦਾ ਪ੍ਰਚਾਰ ਬੇਹੱਣ ਤੇਜ਼ੀ ਨਾਲ ਹੋਇਆ ਹੈ। ਐਂਟੀ ਭਾਜਪਾ ਫੇਕ ਨਿਊਜ਼ ਵੀ ਹਨ ਪਰ ਪ੍ਰੋ-ਭਾਜਪਾ ਅਤੇ ਐਂਟੀ ਆਪੋਜਿਸ਼ਨ ਵਾਲੇ ਫੇਕ ਨਿਊਜ਼ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੈ। ਜ਼ਿਆਦਾਤਰ ਅਜਿਹੇ ਮੈਸੇਜ਼ ਭਾਜਪਾ ਵਲੋਂ ਹੀ ਆਉਂਦੇ ਹਨ। ਇਹ ਸਮਾਜ ਤੋੜਨ ਵਾਲੇ ਮੈਸੇਜ਼ ਹੁੰਦੇ ਹਨ। ਇਸ ਨਾਲ ਧਰੁਵੀਕਰਨ ਵਧਦਾ ਜਾ ਰਿਹਾ ਹੈ।
ਹਿੰਦੂ ਖ਼ਤਰੇ ਵਿਚ ਹਨ। ਇਹ ਸ਼ਗੂਫ਼ਾ ਛੱਡ ਦਿਤਾ ਗਿਆ ਹੈ। ਲੋਕਾਂ ਦੇ ਦਿਮਾਗ਼ ਵਿਚ ਇਹ ਬਿਠਾਇਆ ਜਾ ਰਿਹਾ ਹੈ ਕਿ ਹਿੰਦੂ ਅਤੇ ਹਿੰਦੂਤਵ ਖ਼ਤਰੇ ਵਿਚ ਹੈ ਅਤੇ ਮੋਦੀ ਇਸ ਨੂੰ ਬਚਾਉਣ ਵਾਲੇ ਇਕੋ ਇਕ ਬਦਲ ਹਨ। ਹਕੀਕਤ ਵਿਚ ਅਜਿਹਾ ਕੁੱਝ ਵੀ ਨਹੀਂ ਹੈ। ਸਰਕਾਰ ਦੇ ਵਿਰੁਧ ਬੋਲਣ ਵਾਲੇ ਐਂਟੀ ਨੈਸ਼ਨਲ ਕਹੇ ਜਾਂਦੇ ਹਨ ਅਤੇ ਹੁਣ ਤਾਂ ਐਂਟੀ ਹਿੰਦੂ ਵੀ। ਅਜਿਹੀ ਲੇਬਲਿੰਗ ਕਰਕੇ ਤਾਂ ਸਰਕਾਰ ਦੀ ਆਲੋਚਨਾ ਵੀ ਬੰਦ ਕਰ ਦਿਤੀ ਗਈ ਹੈ। ਅਪਣਾ ਰਾਸ਼ਟਰਵਾਦ ਸਾਬਤ ਕਰੋ, ਹਰ ਜਗ੍ਹਾ ਵੰਦੇ ਮਾਤਰਮ ਗਾਉਂਦੇ ਰਹੋ। (ਅਜਿਹੇ ਭਾਜਪਾ ਨੇਤਾ ਵੀ ਵੰਦੇ ਮਾਤਰਮ ਗਾਉਣ ਲਈ ਆਖਦੇ ਹਨ, ਜਿਨ੍ਹਾਂ ਨੂੰ ਵੰਦੇ ਮਾਤਰਮ ਦਾ ਇਕ ਸ਼ਬਦ ਵੀ ਨਹੀਂ ਪਤਾ!)।
ਭਾਜਪਾ ਦੀ ਮਾਲਕੀ ਵਾਲੇ ਨਿਊਜ਼ ਚੈਨਲ ਚੱਲ ਰਹੇ ਹਨ, ਜਿਨ੍ਹਾਂ ਦਾ ਇਕਲੌਤਾ ਕੰਮ ਹੈ ਹਿੰਦੂ-ਮੁਸਲਿਮ, ਨੈਸ਼ਨਲਿਸਟ-ਐਂਟੀ ਨੈਸ਼ਨਲਿਸਟ, ਭਾਰਤ-ਪਾਕਿਸਤਾਨ 'ਤੇ ਡਿਬੇਟ ਕਰਨਾ, ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ, ਅਸਲੀ ਮੁੱਦਿਆਂ ਨਾਲ ਉਨ੍ਹਾਂ ਦਾ ਦੂਰ-ਦੂਰ ਤਕ ਕੋਈ ਵਾਸਤਾ ਨਹੀਂ। ਧਰੁਵੀਕਰਨ : ਵਿਕਾਸ ਦਾ ਸਾਰਾ ਮੈਸੇਜ਼ ਖ਼ਤਮ ਹੋ ਗਿਆ। ਹੁਣ ਅਗਲੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ ਹੈ ਧਰੁਵੀਕਰਨ ਅਤੇ ਰਾਸ਼ਟਰਵਾਦ। ਮੋਦੀ ਦੇ ਭਾਸ਼ਣਾਂ ਵਿਚ ਵੀ ਤੁਹਾਨੂੰ ਜਿਨਾਹ-ਨਹਿਰੂ, ਕਾਂਗਰਸ ਨੇਤਾਵਾਂ ਨੇ ਜੇਲ੍ਹ ਵਿਚ ਭਗਤ ਸਿੰਘ ਨਾਲ ਮੁਲਾਕਾਤ ਨਹੀਂ ਕੀਤੀ (ਫੇਕ ਨਿਊਜ਼ ਜੋ ਖ਼ੁਦ ਪੀਐਮ ਨੇ ਦਿਤੀ)
ਅਜਿਹੀਆਂ ਹੀ ਚੀਜ਼ਾਂ ਮਿਲਣਗੀਆਂ। ਇਨ੍ਹਾਂ ਸਾਰਿਆਂ ਦੇ ਇਕ ਹੀ ਮਾਇਨੇ ਹਨ, ਧਰੁਵੀਕਰਨ ਕਰੋ ਅਤੇ ਚੋਣ ਜਿੱਤ ਲਓ। ਅਪਣੇ ਬਲਾਗ ਦੇ ਆਖ਼ਰ ਵਿਚ ਸ਼ਿਵਮ ਨੇ ਲਿਖਿਆ ਕਿ ਮੈਂ ਨਰਿੰਦਰ ਮੋਦੀ ਦਾ ਸਾਲ 2013 ਤੋਂ ਸਮਰਥਕ ਸੀ। ਉਨ੍ਹਾਂ ਵਿਚ ਦੇਸ਼ ਦੇ ਲਈ ਅਤੇ ਵਿਕਾਸ ਲਈ ਉਮੀਦ ਦੀ ਕਿਰਨ ਦਿਸਦੀ ਸੀ। ਹੁਣ ਸਭ ਖ਼ਤਮ ਹੋ ਗਿਆ ਹੈ। ਮੈਨੂੰ ਮੋਦੀ ਅਤੇ ਸ਼ਾਹ ਦੀਆਂ ਖ਼ਾਮੀਆਂ ਉਨ੍ਹਾਂ ਦੀਆਂ ਸਕਰਾਤਮਕ ਚੀਜ਼ਾਂ ਤੋਂ ਜ਼ਿਆਦਾ ਲਗਦੀਆਂ ਹਨ।