ਭੁੱਖ ਹੜਤਾਲ ਕਾਰਨ ਸਤੇਂਦਰ ਜੈਨ ਦੀ ਸਿਹਤ ਵਿਗੜੀ, ਹਸਪਤਾਲ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਪ ਰਾਜਪਾਲ ਅਨਿਲ ਬੈਜਲ ਦੀ ਰਿਹਾਇਸ਼ 'ਤੇ ਭੁੱਖ ਹੜਤਾਲ ਕਰ ਰਹੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਤਬੀਅਤ ਖ਼ਰਾਬ......

Satyendar Jain

ਨਵੀਂ ਦਿੱਲੀ : ਉਪ ਰਾਜਪਾਲ ਅਨਿਲ ਬੈਜਲ ਦੀ ਰਿਹਾਇਸ਼ 'ਤੇ ਭੁੱਖ ਹੜਤਾਲ ਕਰ ਰਹੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਪਿਛਲੇ ਸੱਤ ਦਿਨਾਂ ਤੋਂ ਆਈਏਐਸ ਅਫ਼ਸਰਾਂ ਦੀ ਹੜਤਾਲ ਖ਼ਤਮ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਪਣੇ ਮੰਤਰੀ ਮੰਡਲ ਸਹਿਯੋਗੀ ਸਤੇਂਦਰ ਜੈਨ ਅਤੇ ਗੋਪਾਲ ਰਾਏ ਦੇ ਨਾਲ ਧਰਨਾ ਦੇ ਰਹੇ ਹਨ।

 

ਇਸ ਵਿਚੋਂ ਸਤੇਂਦਰ ਜੈਨ ਅਤੇ ਗੋਪਾਲ ਰਾਏ ਭੁੱਖ ਹੜਤਾਲ 'ਤੇ ਹਨ। ਸਤੇਂਦਰ ਜੈਨ ਦੀ ਤਬੀਅਤ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਪਰ ਕੇਂਦਰ ਦੀ ਸੱਤਾ ਵਿਚ ਬੈਠੇ ਮੋਦੀ ਅਤੇ ਐਲਜੀ ਨੂੰ ਕੋਈ ਹਮਦਰਦੀ ਨਹੀਂ। ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਵੀ ਟਵੀਟ ਕਰਕੇ ਉਪ ਰਾਜਪਾਲ ਅਨਿਲ ਬੈਜਲ 'ਤੇ ਨਿਸ਼ਾਨਾ ਸਾਧਿਆ। 

ਸੰਜੇ ਸਿੰਘ ਨੇ ਟਵੀਟ ਕੀਤਾ ਕਿ ਸਤੇਂਦਰ ਜੈਨ ਦੀ ਤਬੀਅਤ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ ਪਰ ਕੇਂਦਰ ਦੀ ਸੱਤਾ ਵਿਚ ਬੈਠੇ ਮੋਦੀ ਅਤੇ ਐਲਜੀ ਨੂੰ ਕੋਈ ਹਮਦਰਦੀ ਨਹੀਂ ਹੈ। ਆਮ ਆਦਮੀ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਦਸਿਆ ਗਿਆ ਹੈ ਕਿ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਐਲਐਨਜੇਪੀ ਦੇ ਚੌਥੇ ਦਿਨ ਸਿਹਤ ਮੰਤਰੀ ਸਤੇਂਦਰ ਜੈਨ ਦਾ ਵਜ਼ਨ ਇਕ ਕਿਲੋ 200 ਗ੍ਰਾਮ ਤਕ ਵਧ ਗਿਆ ਹੈ।

 

ਸਿਹਤ ਮੰਤਰੀ ਸਤੇਂਦਰ ਜੈਨ ਦਾ ਦੁਪਹਿਰ ਨੂੰ ਚੈਕਅਪ ਕਰਨ ਵਾਲੇ ਡਾਕਟਰਾਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਇਸ ਖ਼ਬਰ ਦੇ ਆਉਂਦੇ ਹੀ ਆਪ ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ ਨੇ ਸਤੇਂਦਰ ਜੈਨ 'ਤੇ ਤੰਜ ਕਸਿਆ ਸੀ ਅਤੇ ਟਵੀਟ ਕਰਕੇ ਕਿਹਾ ਸੀ ਕਿ ਇਹ ਲੋਕ ਭੁੱਖ ਹੜਤਾਲ ਵਿਚ ਵੀ ਘਪਲਾ ਕਰ ਰਹੇ ਹਨ। ਦਸ ਦਈਏ ਕਿ ਡਾਕਟਰਾਂ ਦੀ ਇਕ ਟੀਮ ਭੁੱਖ ਹੜਤਾਲ 'ਤੇ ਬੈਠੇ ਸਤੇਂਦਰ ਜੈਨ ਅਤੇ ਗੋਪਾਲ ਰਾਏ ਦਾ ਚੈਕਅੱਪ ਕਰਦੀ ਹੈ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਧਰਨੇ ਦੇ ਮਾਮਲੇ ਵਿਚ ਸਨਿਚਰਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ ਸੀ, ਜਦੋਂ ਚਾਰ ਰਾਜਾਂ ਦੇ ਮੁੱਖ ਮੰਤਰੀ ਉਨ੍ਹਾਂ ਦੇ ਸਮਰਥਨ ਵਿਚ ਆ ਗਏ ਸਨ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਅਤੇ ਕਰਨਾਨਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਅਰਵਿੰਦ ਕੇਜਰੀਵਾਲ ਦਾ ਸਮਰਥਨ ਕੀਤਾ ਸੀ।

 

ਉਨ੍ਹਾਂ ਨੇ ਸਨਿਚਰਵਾਰ ਸ਼ਾਮ ਐਲਜੀ ਅਨਿਲ ਬੈਜਲ ਤੋਂ ਕੇਜਰੀਵਾਲ ਨਾਲ ਮਿਲਣ ਦੀ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ਦਸ ਦਈਏ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਆਈਏਐਸ ਅਫ਼ਸਰਾਂ ਦੀ ਹੜਤਾਲ ਖ਼ਤਰ ਕਰਵਾਉਣ ਅਤੇ ਦਿੱਲੀ ਵਿਚ ਡੋਰ ਟੂ ਡੋਰ ਰਾਸ਼ਨ ਪਹੁੰਚਾਉਣ ਦੀ ਮੰਗ ਨੂੰ ਲੈ ਕੇ ਐਲਜੀ ਹਾਊਸ ਵਿਚ ਬੀਤੇ ਸੱਤ ਦਿਨਾਂ ਤੋਂ ਧਰਨਾ ਦੇ ਰਹੇ ਹਨ।