ਕੇਜਰੀਵਾਲ ਬਨਾਮ ਬੈਜਲ : ਪ੍ਰਧਾਨ ਮੰਤਰੀ ਜੀ! ਦਿੱਲੀ ਦਾ ਰੇੜਕਾ ਦੂਰ ਕਰੋ
ਪਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ...
ਨਵੀਂ ਦਿੱਲੀ : ਪਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ ਤੇ ਆਮ ਆਦਮੀ ਪਾਰਟੀ ਸਰਕਾਰ ਵਿਚਾਲੇ ਪਏ ਰੇੜਕੇ ਨੂੰ ਦੂਰ ਕਰਨ ਵਿਚ ਦਖ਼ਲ ਦੇਣ ਲਈ ਕਿਹਾ। ਉਨ੍ਹਾਂ ਇਸ ਘਟਨਾਕ੍ਰਮ ਨੂੰ 'ਸੰਵਿਧਾਨਕ ਸੰਕਟ' ਕਰਾਰ ਦਿਤਾ। ਨੀਤੀ ਆਯੋਗ ਦੀ ਸੰਚਾਲਨ ਪਰਿਸ਼ਦ ਦੀ ਬੈਠਕ ਤੋਂ ਪਾਸੇ, ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰਾ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਅਤੇ
ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਮੋਦੀ ਨੂੰ ਇਸ ਸੰਕਟ ਦਾ ਹੱਲ ਕੱਢਣ ਦੀ ਅਪੀਲ ਕੀਤੀ ਤਾਕਿ ਸੰਵਿਧਾਨ ਦੇ ਸੰਘੀ ਢਾਂਚੇ ਨੂੰ ਕਾਇਮ ਰਖਿਆ ਜਾ ਸਕੇ। ਮੋਦੀ ਨਾਲ ਬੈਠਕ ਮਗਰੋਂ ਬੈਨਰਜੀ ਨੇ ਕਿਹਾ, 'ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਦਿੱਲੀ ਸਰਕਾਰ ਦੀਆਂ ਸਮੱਸਿਆਵਾਂ ਦਾ ਫ਼ੌਰੀ ਹੱਲ ਕਰਨ ਦੀ ਅਪੀਲ ਕੀਤੀ ਹੈ।' ਚਾਰਾਂ ਮੁੱਖ ਮੰਤਰੀਆਂ ਨੂੰ ਕਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਰੋਕ ਦਿਤਾ ਗਿਆ ਸੀ ਜਿਸ ਮਗਰੋਂ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਇਹ ਮਾਮਲਾ ਚੁੱਕਣ ਦੀ ਗੱਲ ਕੀਤੀ ਸੀ।
ਆਗੂਆਂ ਨੇ ਇਸ ਸਥਿਤੀ ਨੂੰ ਅਸੰਵਿਧਾਨਕ ਕਰਾਰ ਦਿਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਯਕੀਨੀ ਕਰਨ ਕਿ ਸਮੱਸਿਆਵਾਂ ਦਾ ਹੱਲ ਹੋ ਜਾਵੇ। ਕੇਜਰੀਵਾਲ ਮਨੀਸ਼ ਸਿਸੋਦੀਆ, ਮੰਤਰੀ ਸਤੇਂਦਰ ਜੈਨ ਅਤੇ ਗੋਪਾਲ ਰਾਏ ਨਾਲ ਸੋਮਵਾਰ ਤੋਂ ਉਪ ਰਾਜਪਾਲ ਦਫ਼ਤਰ ਵਿਚ ਧਰਨੇ 'ਤੇ ਬੈਠੇ ਹੋਏ ਹਨ। ਉਹ ਉਪ ਰਾਜਪਾਲ ਅਨਿਲ ਬੈਜਲ ਕੋਲੋਂ ਮੰਗ ਕਰ ਰਹੇ ਹਨ ਕਿ ਉਹ ਆਈਏਐਸ ਅਧਿਕਾਰੀਆਂ ਨੂੰ ਅਪਣੀ ਹੜਤਾਲ ਖ਼ਤਮ ਕਰਨ ਦੇ ਨਿਰਦੇਸ਼ ਦੇਣ। (ਏਜੰਸੀ)