ਇਕੱਠੀਆਂ ਚੋਣਾਂ ਕਰਾਉਣ ਦੇ ਮੁੱਦੇ 'ਤੇ ਵਿਆਪਕ ਚਰਚਾ ਹੋਵੇ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣ ਬਾਰੇ ਵਿਆਪਕ ਚਰਚਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹਾ ਹੋਣ 'ਤੇ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣ ਬਾਰੇ ਵਿਆਪਕ ਚਰਚਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹਾ ਹੋਣ 'ਤੇ ਆਰਥਕ ਬੱਚਤ ਹੋਵੇਗੀ। ਨੀਤੀ ਆਯੋਗ ਦੀ ਸੰਚਾਲਨ ਪਰਿਸ਼ਦ ਦੀ ਚੌਥੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ। ਬੈਠਕ ਵਿਚ ਲਗਭਗ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਹਿੱਸਾ ਲਿਆ।
ਕੁੱਝ ਸਮੇਂ ਤੋਂ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣ ਦੇ ਵਿਚਾਰ 'ਤੇ ਗ਼ੌਰ ਕਰ ਰਹੀ ਹੈ। ਬਿਆਨ ਵਿਚ ਕਿਹਾ ਗਿਆ, 'ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਾਉਣ ਦੇ ਮੁੱਦੇ 'ਤੇ ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਚਰਚਾ ਦਾ ਸੱਦਾ ਦਿਤਾ ਕਿ ਅਜਿਹਾ ਹੋਣ 'ਤੇ ਆਰਥਕ ਬੱਚਤ ਹੋਵੇਗੀ ਅਤੇ ਸਾਧਨਾਂ ਦੀ ਬਿਹਤਰ ਵਰਤੋਂ ਹੋ ਸਕੇਗੀ।'
ਨੀਤੀ ਆਯੋਗ ਨੇ ਪਿਛਲੇ ਸਾਲ 2024 ਤੋਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾ ਦੋ ਦੌਰਾਂ ਵਿਚ ਕਰਾਉਣ ਦਾ ਸੁਝਾਅ ਦਿਤਾ ਸੀ। ਬੈਠਕ ਵਿਚ ਭਾਸ਼ਨ ਦਿੰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਵਿਚ ਖੇਤੀ ਦੇ ਖੇਤਰ ਵਿਚ ਕੰਪਨੀਆਂ ਦੁਆਰਾ ਨਿਵੇਸ਼ ਬਹੁਤ ਹੀ ਘੱਟ ਹੈ। ਉਨ੍ਹਾਂ ਸੂਬਾ ਸਰਕਾਰਾਂ ਨੂੰ ਖੇਤੀ ਦੇ ਖੇਤਰ ਵਿਚ ਉਦਯੋਗਾਂ ਦੀ ਹਿੱਸੇਦਾਰੀ ਵਧਾਉਣ ਲਈ ਨੀਤੀਆਂ ਬਣਾਉਣ ਦੀ ਅਪੀਲ ਵੀ ਕੀਤੀ।
ਅਰਥਵਿਵਸਥਾ ਦੇ ਵੱਖ-ਵੱਖ ਪੱਖਾਂ ਬਾਰੇ ਮੋਦੀ ਨੇ ਕਿਹਾ ਕਿ ਦੁਨੀਆਂ ਨੂੰ ਉਮੀਦ ਹੈ ਕਿ ਭਾਰਤ ਛੇਤੀ ਹੀ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵਿੱਤ ਆਯੋਗ ਨੂੰ ਚੰਗੇ ਸੁਝਾਅ ਦੇਣ ਕਿ ਕਿਸ ਤਰ੍ਹਾਂ ਨਿਵੇਸ਼ ਵਧਾਇਆ ਜਾ ਸਕਦਾ ਹੈ ਅਤੇ ਖ਼ਰਚੇ ਘਟਾਏ ਜਾ ਸਕਦੇ ਹਨ। (ਏਜੰਸੀ)