ਮੁਖਰਜੀ ਨਗਰ ਵਿਚ ਫਿਰ ਹੋਇਆ ਹੰਗਾਮਾ, ਭੜਕੇ ਸਿੱਖਾਂ ਵੱਲੋਂ ਮਨਜਿੰਦਰ ਸਿਰਸਾ ਨਾਲ ਧੱਕਾਮੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਖਰਜੀ ਨਗਰ ਵਿਚ ਪੁਲਿਸ ਕਰਮਚਾਰੀਆਂ ਵੱਲੋਂ ਇਕ ਟੈਂਪੂ ਚਾਲਕ ਦੀ ਕੁੱਟਮਾਰ ਦੇ ਮਾਮਲੇ ਵਿਚ ਲੋਕਾਂ ਵੱਲੋਂ ਰੋਸ ਜਾਰੀ ਹੈ।

Protest By Sikhs

ਨਵੀਂ ਦਿੱਲੀ: ਸਥਾਨਕ ਮੁਖਰਜੀ ਨਗਰ ਵਿਚ ਪੁਲਿਸ ਕਰਮਚਾਰੀਆਂ ਵੱਲੋਂ ਇਕ ਟੈਂਪੂ ਚਾਲਕ ਦੀ ਕੁੱਟਮਾਰ ਦੇ ਮਾਮਲੇ ਵਿਚ ਲੋਕਾਂ ਵੱਲੋਂ ਰੋਸ ਜਾਰੀ ਹੈ। ਸੋਮਵਾਰ ਰਾਤ ਮੁਖਰਜੀ ਨਗਰ ਥਾਣੇ ਵਿਚ ਫਿਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਮ੍ਹਾਂ ਹੋ ਗਏ ਸਨ। ਮੁਖਰਜੀ ਨਗਰ ਥਾਣੇ ਦੇ ਸਾਹਮਣੇ ਇਕੱਠੇ ਹੋਏ ਲੋਕਾਂ ਦੀ ਮੰਗ ਹੈ ਕਿ ਵੀਡੀਓ ਵਿਚ ਜਿਨ੍ਹੇ ਵੀ ਲੋਕ ਕੁੱਟਮਾਰ ਕਰਦੇ ਦਿਖ ਰਹੇ ਹਨ, ਉਹਨਾਂ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਸਾਰਿਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ। 

 


 

ਭਾਜਪਾ ਦੇ ਦਿੱਲੀ ਤੋਂ ਐਮਐਲਏ ਮਨਜਿੰਦਰ ਸਿੰਘ ਸਿਰਸਾ  ਵੀ ਇਸ ਵਿਚ ਸ਼ਾਮਿਲ ਹੋਏ। ਜਦੋਂ ਉਹ ਥਾਣੇ ਦੇ ਅੰਦਰ ਜਾ ਕੇ ਬਾਹਰ ਆਏ ਤਾਂ ਉਹਨਾਂ ਕਿਹਾ ਕਿ ਪੁਲਿਸ ਨੇ ਸਹੀ ਧਾਰਾ ਵਿਚ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਨਰਾਜ਼ ਲੋਕਾਂ ਨੇ ਸਿਰਸਾ ‘ਤੇ ਇਲਜ਼ਾਮ ਲਗਾਏ ਕਿ ਉਹ ਪੁਲਿਸ ਨਾਲ ਮਿਲੇ ਹੋਏ ਹਨ। ਇਸ ਤੋਂ ਬਾਅਦ ਲੋਕਾਂ ਨੇ ਸਿਰਸਾ ਨਾਲ ਧੱਕਾਮੁੱਕੀ ਕੀਤੀ। ਇਸੇ ਦੌਰਾਨ ਇਕ ਪੱਤਰਕਾਰ ਨੂੰ ਵੀ ਕੁੱਟਿਆ ਗਿਆ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਡਰਾਈਵਰ ਸਰਬਜੀਤ ਨੂੰ ਮਿਲਣ ਗਏ ਸਨ।

ਇਸ ਦੌਰਾਨ ਅਕਾਲੀ ਦਲ ਨਾਲ ਜੁੜੇ ਲੋਕਾਂ ਨੇ ਕੇਜਰੀਵਾਲ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ। ਇਸ ਤੋਂ ਪਹਿਲਾਂ ਦਿੱਲੀ ਦੇ ਮੁਖਰਜੀ ਨਗਰ ਵਿਚ ਪੁਲਿਸ ਨੇ ਦੋ ਕ੍ਰਾਸ ਐਫਆਈਆਰ ਦਰਜ ਕੀਤੀਆਂ ਸਨ। ਪਹਿਲੀ ਐਫਆਈਆਰ ਪੁਲਿਸ ਵੱਲੋਂ ਅਤੇ ਦੂਜੀ ਸਰਬਜੀਤ ਵੱਲੋਂ। ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਸੀ। ਦੂਜਾ ਮਾਮਲਾ ਸਰਬਜੀਤ ਵੱਲੋਂ ਪੁਲਿਸ ਵਿਰੁੱਧ ਦਰਜ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਝਗੜੇ ਦੀ ਸ਼ੁਰੂਆਤ ਪੁਲਿਸ ਦੀ ਗੱਡੀ ਨਾਲ ਸਰਬਜੀਤ ਦੀ ਗੱਡੀ ਦਾ ਲੱਗਣ ਕਾਰਨ ਹੋਈ ਸੀ।