ਦਿੱਲੀ ਪੁਲਿਸ ਵੱਲੋਂ ਸਿੱਖ ਆਟੋ ਡਰਾਈਵਰ ਅਤੇ ਉਸ ਦੇ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ
ਰੋਸ ਪ੍ਰਦਰਸ਼ਨ ਤੋਂ ਬਾਅਦ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ
ਨਵੀਂ ਦਿੱਲੀ : ਦਿੱਲੀ ਦੇ ਮੁਖਰਜੀ ਨਗਰ 'ਚ ਐਤਵਾਰ ਸ਼ਾਮ ਸਿੱਖ ਆਟੋ ਡਰਾਈਵਰ ਅਤੇ ਇਕ ਨਾਬਾਲਗ਼ ਨਾਲ ਦਿੱਲੀ ਪੁਲਿਸ ਵੱਲੋਂ ਬੇਰਹਿਮੀ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਟੋ ਡਰਾਈਵਰ ਦਾ ਇਹੀ ਕਸੂਰ ਸੀ ਕਿ ਉਸ ਦੇ ਆਟੋ ਦੀ ਪੁਲਿਸ ਦੀ ਗੱਡੀ ਨਾਲ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਅਤੇ ਆਟੋ ਡਰਾਈਵਰ ਵਿਚਕਾਰ ਬਹਿਸ ਸ਼ੁਰੂ ਹੋ ਗਈ। ਪੁਲਿਸ ਵਾਲੇ ਨੇ ਆਪਣੇ ਸਾਥੀ ਮੁਲਾਜ਼ਮਾਂ ਨੂੰ ਸੱਦ ਲਿਆ ਅਤੇ ਸਿੱਖ ਡਰਾਈਵਰ ਤੇ ਉਸ ਦੇ ਬੇਟੇ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ।
ਸਿੱਖ ਡਰਾਈਵਰ ਨਾਲ ਮਾਰਕੁੱਟ ਮਾਮਲੇ 'ਚ ਭੜਕੇ ਲੋਕਾਂ ਨੇ ਦੇਰ ਰਾਤ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਭੜਕੇ ਲੋਕਾਂ ਵੱਲੋਂ ਪੱਥਰਬਾਜ਼ੀ ਵੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਪਛਾਣ ਸਹਾਇਕ ਸਬ-ਇੰਸਪੈਕਟਰ ਸੰਜੇ ਮਲਿਕ, ਕਾਂਸਟੇਬਲ ਦਵਿੰਦਰ ਅਤੇ ਪੁਸ਼ਪਿੰਦਰ ਵਜੋਂ ਹੋਈ ਹੈ।
ਉਧਰ ਪੁਲਿਸ ਦਾ ਕਹਿਣਾ ਹੈ ਕਿ ਆਟੋ ਚਲਾਕ ਨੇ ਇਕ ਪੁਲਿਸ ਅਧਿਕਾਰੀ 'ਤੇ ਤਲਵਾਰ ਨਾਲ ਹਮਲਾ ਕੀਤਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਆਟੋ ਚਾਲਕ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਟੱਕਰ ਤੋਂ ਬਾਅਦ ਦੋਵਾਂ 'ਚ ਬਹਿਸ ਵੀ ਹੋਈ। ਇਸ ਦੌਰਾਨ ਚਾਲਕ ਹਿੰਸਕ ਹੋ ਗਿਆ ਅਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪੁਲਿਸ ਅਧਿਕਾਰੀ 'ਤੇ ਹਮਲਾ ਕਰ ਦਿੱਤਾ।
ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ 'ਤੇ ਬਿਆਨ ਦਿੱਤਾ ਸੀ ਕਿ ਦਿੱਲੀ ਪੁਲਿਸ ਸਿੱਖ ਆਟੋ ਡਰਾਈਵਰ ਅਤੇ ਉਸ ਦੇ ਬੇਟੇ ਹੋਈ ਕੁੱਟਮਾਰ ਦੇ ਦੋਸ਼ੀਆਂ 'ਤੇ ਕਾਰਵਾਈ ਕਰੇ।
ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਤੇ ਟਵੀਟ ਕਰ ਕੇ ਆਪਣਾ ਗੁੱਸਾ ਜਾਹਰ ਕੀਤਾ। ਉਨ੍ਹਾਂ ਲਿਖਿਆ, "ਮੁਖਰਜੀ ਨਗਰ ਦਿੱਲੀ ਅਣਮਨੁੱਖੀ, ਜਾਲਮਾਨਾ ਅਤੇ ਘਟੀਆ ਦਰਜੇ ਦੀ ਕਾਰਵਾਈ ਕੀਤੀ ਹੈ। ਮੇਰੀ ਮੰਗ ਹੈ ਕਿ ਪੂਰੇ ਮਾਮਲੇ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।" ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਏ ਪਿਓ-ਪੁਤ ਨੂੰ ਮਿਲਣ ਪਹੁੰਚੇ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ :-