ਸਾਬਕਾ ਫੌਜ ਮੁਖੀ ਦਾ ਬਿਆਨ, 'ਸਾਡੇ ਫੌਜੀਆਂ ਨੇ ਖੂਨ ਦੇਖਿਆ ਹੈ, ਜੰਗ ਹੋਈ ਤਾਂ ਰੋਵੇਗਾ ਚੀਨ'
ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ।
ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਅਜਿਹੇ ਵਿਚ ਦੇਸ਼ ਭਰ ਵਿਚ ਲੋਕਾਂ ਦਾ ਚੀਨ ਖਿਲਾਫ ਗੁੱਸਾ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਫੌਜ ਵੀ ਹਾਲੇ ਅਲਰਟ 'ਤੇ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਫੌਜ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਇਸ ਮੁੱਦੇ 'ਤੇ ਸਾਬਕਾ ਫੌਜ ਮੁਖੀ ਬਿਕਰਮ ਸਿੰਘ ਨੇ ਕਿਹਾ ਹੈ ਕਿ ਜੇਕਰ ਜੰਗ ਦੀ ਨੌਬਤ ਆਈ ਤਾਂ ਚੀਨ ਰੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਕਿਸੇ ਵੀ ਕੀਮਤ 'ਤੇ ਚੀਨ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ ਹੈ।
ਸਾਬਕਾ ਫੌਜ ਮੁਖੀ ਬਿਕਰਮ ਸਿੰਘ ਜੁਲਾਈ 2014 ਵਿਚ ਸੇਵਾ-ਮੁਕਤ ਹੋਏ ਸੀ। 42 ਸਾਲ ਤੱਕ ਫੌਜ ਵਿਚ ਰਹਿਣ ਵਾਲੇ ਬਿਕਰਮ ਸਿੰਘ ਦੇਸ਼ ਦੀ ਫੌਜ ਦੀ ਤਾਕਤ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਇਕ ਚੈਨਲ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ, 'ਸਾਡੇ ਅਫਸਰ ਅਤੇ ਜਵਾਨਾਂ ਨੇ ਜੋ ਟ੍ਰੇਨਿੰਗ ਹਾਸਲ ਕੀਤੀ ਹੈ, ਉਹ ਜੰਗ ਦੇ ਮੈਦਾਨ ਵਿਚ ਕੀਤੀ ਹੈ। ਜਿਵੇਂ ਕਿ ਜੰਮੂ-ਕਸ਼ਮੀਰ ਦੇ ਅੰਦਰ ਇਹਨਾਂ ਦਾ ਟ੍ਰੇਨਿੰਗ ਹੋਈ ਹੈ।
ਸਾਡੇ ਲੋਕਾਂ ਨੇ ਖੂਨ ਦੇਖਿਆ ਹੈ। ਚੀਨ ਦੀ ਫੌਜ ਅਜਿਹੀ ਨਹੀਂ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਜੰਗ ਹੋਈ ਤਾਂ ਚੀਨ ਰੋਵੇਗਾ। ਮੈਂ ਇਹ ਜੋਸ਼ ਵਿਚ ਨਹੀਂ ਕਹਿ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਮੁੱਦਾ ਗੱਲ਼ਬਾਤ ਨਾਲ ਹੱਲ ਹੋਵੇ'।
ਸਾਬਕਾ ਫੌਜ ਅਧਿਕਾਰੀ ਬਿਕਰਮ ਸਿੰਘ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਸਾਡੇ ਫੌਜੀਆਂ ਨੇ ਚੀਨ ਨੂੰ ਮੂੰਹ-ਤੋੜ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਚੀਨ ਨੇ ਧੋਖੇ ਨਾਲ ਹਮਲਾ ਕੀਤਾ, ਇਸ ਦੇ ਬਾਵਜੂਦ ਸਾਡੇ ਫੌਜੀਆਂ ਨੇ ਉਹਨਾਂ ਦੇ 45 ਫੌਜੀ ਢੇਰ ਕਰ ਦਿੱਤੇ।