ਪ੍ਰਧਾਨ ਮੰਤਰੀ ਸਾਹਮਣੇ ਆਉਣ ਅਤੇ ਦੇਸ਼ ਨੂੰ ਭਰੋਸੇ ਵਿਚ ਲੈਣ : ਸੋਨੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਨਾਲ ਟਕਰਾਅ , ਚੀਨ ਨੇ ਕਿੰਨੇ ਹਿੱਸੇ 'ਤੇ ਕਬਜ਼ਾ ਕੀਤਾ ਹੈ?

Sonia Gandhi

ਨਵੀਂ ਦਿੱਲੀ, 17 ਜੂਨ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲਦਾਖ਼ ਵਿਚ ਸ਼ਹੀਦ ਹੋਏ 20 ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਬੁਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਆਉਣ ਅਤੇ ਮੌਜੂਦਾ ਹਾਲਤ ਬਾਰੇ ਸੱਚ ਅਤੇ ਤੱਥਾਂ ਦੇ ਆਧਾਰ 'ਤੇ ਦੇਸ਼ ਨੂੰ ਭਰੋਸੇ ਵਿਚ ਲੈਣ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਚੀਨ ਨੇ ਕਿੰਨੇ ਹਿੱਸੇ 'ਤੇ ਕਬਜ਼ਾ ਕੀਤਾ ਹੈ ਅਤੇ ਸਾਡੇ ਜਵਾਨਾਂ ਦੀ ਸ਼ਹਾਦਤ ਕਿਉਂ ਹੋਈ?

ਸੋਨੀਆ ਨੇ ਵੀਡੀਉ ਜਾਰੀ ਕਰ ਕੇ ਕਿਹਾ, 'ਸਾਡੇ 20 ਜਵਾਨਾਂ ਦੀ ਸ਼ਹਾਦਤ ਨੇ ਦੇਸ਼ ਦੀ ਅੰਤਰਆਤਮਾ ਨੂੰ ਹਿਲਾ ਕੇ ਰੱਖ ਦਿਤਾ ਹੈ। ਮੈਂ ਇਨ੍ਹਾਂ ਸਾਰੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੀ ਹਾਂ। ਨਾਲ ਹੀ ਅਰਦਾਸ ਕਰਦੀ ਹਾਂ ਕਿ ਉਨ੍ਹਾਂ ਦੇ ਪਰਵਾਰਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਮਿਲੇ।' ਉਨ੍ਹਾਂ ਕਿਹਾ, 'ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਡੇਢ ਮਹੀਨੇ ਤੋਂ ਚੀਨ ਦੀ ਫ਼ੌਜ ਨੇ ਲਦਾਖ਼ ਵਿਚ ਭਾਰਤੀ ਸਰਹੱਦ ਵਿਚ ਘੁਸਪੈਠ ਕੀਤੀ ਹੋਈ ਹੈ।

ਜਦ ਦੇਸ਼ ਵਿਚ ਇਸ ਘਟਨਾ ਬਾਰੇ ਗੁੱਸਾ ਹੈ ਤਾਂ ਪ੍ਰਧਾਨ ਮੰਤਰੀ ਨੂੰ ਸਾਹਮਣੇ ਆ ਕੇ ਇਹ ਦਸਣਾ ਚਾਹੀਦਾ ਹੈ ਕਿ ਚੀਨ ਨੇ ਸਾਡੀ ਧਰਤੀ 'ਤੇ ਕਬਜ਼ਾ ਕਿਵੇਂ ਕੀਤਾ ਅਤੇ 20 ਫ਼ੌਜੀਆਂ ਦੀ ਸ਼ਹਾਦਤ ਕਿਉਂ ਹੋਈ? ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ, 'ਅੱਜ ਦੀ ਹਾਲਤ ਕੀ ਹੈ? ਕੀ ਸਾਡੇ ਕੋਈ ਫ਼ੌਜੀ ਅਧਿਕਾਰੀ ਜਾਂ ਫ਼ੌਜੀ ਹੁਣ ਵੀ ਲਾਪਤਾ ਹਨ?

ਸਾਡੇ ਕਿੰਨੇ ਅਧਿਕਾਰੀ ਅਤੇ ਫ਼ੌਜੀ ਗੰਭੀਰ ਰੂਪ ਵਿਚ ਜ਼ਖ਼ਮੀ ਹਨ? ਚੀਨ ਨੇ ਸਾਡੇ ਕਿੰਨੇ ਹਿੱਸੇ 'ਤੇ ਅਤੇ ਕਿਥੇ ਕਿਥੇ ਕਬਜ਼ਾ ਕੀਤਾ ਹੋਇਆ ਹੈ। ਇਸ ਹਾਲਤ ਨਾਲ ਸਿੱਝਣ ਲਈ ਸਰਕਾਰ ਦੀ ਨੀਤੀ ਕੀ ਹੈ? ਸੋਨੀਆ ਨੇ ਕਿਹਾ, 'ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸੰਕਟ ਦੀ ਇਸ ਘੜੀ ਵਿਚ ਕਾਂਗਰਸ ਦੇਸ਼ ਦੀ ਫ਼ੌਜ, ਫ਼ੌਜੀਆਂ ਅਤੇ ਫ਼ੌਜੀਆਂ ਦੇ ਪਰਵਾਰਾਂ ਤੇ ਸਰਕਾਰ ਨਾਲ ਖੜੀ ਹੈ।'        (ਏਜੰਸੀ)