ਬੇਂਗਲੁਰੂ ਵਿਚ ਵਿਰੋਧੀ ਧਿਰਾਂ ਦੇ ਗਠਜੋੜ ਦਾ ਐਲਾਨ: 2024 ਵਿਚ ਹੋਵੇਗਾ ‘ਇੰਡੀਆ’ ਬਨਾਮ ‘ਐਨ.ਡੀ.ਏ.’

ਏਜੰਸੀ

ਖ਼ਬਰਾਂ, ਰਾਸ਼ਟਰੀ

ਆਗੂਆਂ ਨੇ ਕਿਹਾ, ਸਾਡੇ ਸਿਆਸੀ ਮਤਭੇਦ ਹਨ, ਪਰ ਅਸੀਂ ਦੇਸ਼ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ

Opposition parties' meeting in Bengaluru




ਬੇਂਗਲੁਰੂ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਸਖ਼ਤ ਚੁਣੌਤੀ ਦੇਣ ਦੀ ਕੋਸ਼ਿਸ਼ ਵਿਚ 26 ਵਿਰੋਧੀ ਪਾਰਟੀਆਂ ਨੇ ਅਪਣੇ ਗਠਜੋੜ ਨੂੰ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਦਾ ਨਾਂਅ ਦਿਤਾ ਹੈ।

ਮੁੰਬਈ 'ਚ ਹੋਵੇਗੀ ਵਿਰੋਧੀ ਧਿਰ ਦੀ ਅਗਲੀ ਮੀਟਿੰਗ

ਬੈਂਗਲੁਰੂ 'ਚ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰੈਸ ਕਾਨਫ਼ਰੰਸ 'ਚ ਕਿਹਾ, ''ਸਾਡੇ ਗਠਜੋੜ ਦਾ ਨਾਂਅ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ)' ਹੋਵੇਗਾ। ਸਾਰਿਆਂ ਨੇ ਇਕ ਆਵਾਜ਼ ਵਿਚ ਇਸ ਦਾ ਸਮਰਥਨ ਕੀਤਾ ਹੈ।'' ਉਨ੍ਹਾਂ ਕਿਹਾ ਕਿ ਵਿਰੋਧੀ ਗਠਜੋੜ ਵਿਚ 11 ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਅਤੇ ਇਸ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਮੁੰਬਈ, ਮਹਾਰਾਸ਼ਟਰ ਵਿਚ ਹੋਣ ਵਾਲੀ ਅਗਲੀ ਮੀਟਿੰਗ ਵਿਚ ਕੀਤਾ ਜਾਵੇਗਾ। ਖੜਗੇ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣ ਮੁਹਿੰਮ ਦੇ ਪ੍ਰਬੰਧਨ ਲਈ ਦਿੱਲੀ ਵਿਚ ਇਕ ਸਾਂਝਾ ਸਕੱਤਰੇਤ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ''ਦੇਸ਼ ਅਤੇ ਇਸ ਦੇ ਲੋਕਾਂ ਨੂੰ ਬਚਾਉਣਾ ਸਾਡੀ ਸੱਭ ਤੋਂ ਵੱਡੀ ਤਰਜੀਹ ਹੈ। ਇਸ ਦੇ ਲਈ ਅਸੀਂ ਅਪਣੇ ਮਤਭੇਦਾਂ ਨੂੰ ਪਿੱਛੇ ਰੱਖਣ ਦਾ ਫ਼ੈਸਲਾ ਕੀਤਾ ਹੈ।''

ਇਹ ਵੀ ਪੜ੍ਹੋ: ਸੜਕ ਸੁਰੱਖਿਆ ਦੀ ਸ਼੍ਰੇਣੀ ਵਿਚ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੂੰ ਮਿਲੇਗਾ "FICCI National Road Safety Awards" 

ਉਨ੍ਹਾਂ ਕਿਹਾ, “ਭਾਜਪਾ ਨੇ ਲੋਕਤੰਤਰ ਦੀਆਂ ਸਾਰੀਆਂ ਏਜੰਸੀਆਂ ਜਿਵੇਂ ਈ.ਡੀ., ਸੀ.ਬੀ.ਆਈ. ਆਦਿ ਨੂੰ ਤਬਾਹ ਕਰ ਦਿਤਾ ਹੈ। ਸਾਡੇ ਸਿਆਸੀ ਮਤਭੇਦ ਹਨ, ਪਰ ਅਸੀਂ ਦੇਸ਼ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ। ਇਸ ਤੋਂ ਪਹਿਲਾਂ ਅਸੀਂ ਪਟਨਾ ਵਿਚ ਮਿਲੇ, ਜਿਥੇ 16 ਪਾਰਟੀਆਂ ਮੌਜੂਦ ਸਨ। ਅੱਜ ਦੀ ਮੀਟਿੰਗ ਵਿਚ 26 ਪਾਰਟੀਆਂ ਨੇ ਹਿੱਸਾ ਲਿਆ। ਇਸ ਨੂੰ ਦੇਖਦੇ ਹੋਏ ਐਨ.ਡੀ.ਏ. 36 ਪਾਰਟੀਆਂ ਨਾਲ ਮੀਟਿੰਗ ਕਰ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿਹੜੀਆਂ ਪਾਰਟੀਆਂ ਹਨ। ਕੀ ਉਹ ਵੀ ਰਜਿਸਟਰਡ ਹਨ ਜਾਂ ਨਹੀਂ? ਸਾਰੇ ਮੀਡੀਆ 'ਤੇ ਮੋਦੀ ਦਾ ਕੰਟਰੋਲ ਹੈ। ਇਸ ਤੋਂ ਪਹਿਲਾਂ ਅਜਿਹਾ ਹੁੰਦਾ ਨਹੀਂ ਦੇਖਿਆ”।  ਗਠਜੋੜ ਦੀ ਅਗਵਾਈ ਕੌਣ ਕਰੇਗਾ, ਇਸ ਸਵਾਲ ਦੇ ਜਵਾਬ 'ਚ ਖੜਗੇ ਨੇ ਕਿਹਾ ਕਿ ਅਸੀਂ ਤਾਲਮੇਲ ਕਮੇਟੀ ਬਣਾ ਰਹੇ ਹਾਂ। ਮੁੰਬਈ ਦੀ ਬੈਠਕ 'ਚ ਇਨ੍ਹਾਂ 11 ਨਾਵਾਂ ਦਾ ਫੈਸਲਾ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲ ਸਕੇਗੀ।

ਇਹ ਵੀ ਪੜ੍ਹੋ: ਅਰਜਨ ਢਿੱਲੋਂ ਦੀ ਐਲਬਮ 'ਸਰੂਰ' ਦੀ ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ 'ਤੇ ਦਰਜਾਬੰਦੀ!

ਇਹ NDA ਅਤੇ INDIA ਦੀ ਲੜਾਈ ਹੈ: ਰਾਹੁਲ ਗਾਂਧੀ

ਬੈਠਕ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਇਹ ਸਾਡੀ ਦੂਜੀ ਬੈਠਕ ਹੈ। ਇਹ ਲੜਾਈ ਭਾਜਪਾ ਅਤੇ ਉਸ ਦੀ ਵਿਚਾਰਧਾਰਾ ਵਿਰੁਧ ਹੈ।" ਰਾਹੁਲ ਗਾਂਧੀ ਨੇ ਕਿਹਾ, "ਉਹ ਦੇਸ਼ 'ਤੇ ਹਮਲਾ ਕਰ ਰਹੇ ਹਨ। ਬੇਰੁਜ਼ਗਾਰੀ ਫੈਲ ਰਹੀ ਹੈ। ਦੇਸ਼ ਦੀ ਸਾਰੀ ਦੌਲਤ ਚੁਣੇ ਹੋਏ ਲੋਕਾਂ ਦੇ ਹੱਥਾਂ ਵਿਚ ਜਾ ਰਹੀ ਹੈ ਅਤੇ ਇਸ ਲਈ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਅਸੀਂ ਅਪਣੇ ਆਪ ਨੂੰ ਸਵਾਲ ਪੁਛਿਆ ਕਿ ਲੜਾਈ ਕਿਸ ਦੇ ਵਿਚਕਾਰ ਹੈ?"

ਇਹ ਵੀ ਪੜ੍ਹੋ: ਖੇਡ ਮੰਤਰੀ ਨੇ ਕਨਿਕਾ ਆਹੂਜਾ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਉਤੇ ਮੁਬਾਰਕਬਾਦ ਦਿੱਤੀ

ਉਨ੍ਹਾਂ ਅੱਗੇ ਕਿਹਾ, "ਇਹ ਲੜਾਈ ਵਿਰੋਧੀ ਧਿਰ ਅਤੇ ਭਾਜਪਾ ਵਿਚਕਾਰ ਨਹੀਂ ਹੈ। ਦੇਸ਼ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਕੁਚਲਿਆ ਜਾ ਰਿਹਾ ਹੈ। ਇਹ ਦੇਸ਼ ਦੀ ਆਵਾਜ਼ ਦੀ ਲੜਾਈ ਹੈ ਅਤੇ ਇਸ ਲਈ ਇਸ ਦਾ ਨਾਂਅ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਚੁਣਿਆ ਗਿਆ ਹੈ, ਇਸ ਦਾ ਮਤਲਬ ਹੈ ਇੰਡੀਆ"। ਰਾਹੁਲ ਗਾਂਧੀ ਨੇ ਅੱਗੇ ਕਿਹਾ, "ਇਹ ਲੜਾਈ ਐਨ.ਡੀ.ਏ. ਅਤੇ ਇੰਡੀਆ ਵਿਚਕਾਰ ਹੈ। ਇਹ ਨਰਿੰਦਰ ਮੋਦੀ ਜੀ ਅਤੇ ਭਾਰਤ ਵਿਚਕਾਰ ਲੜਾਈ ਹੈ। ਇਹ ਉਨ੍ਹਾਂ ਦੀ ਵਿਚਾਰਧਾਰਾ ਅਤੇ ਇੰਡੀਆ ਦੇ ਵਿਚਕਾਰ ਲੜਾਈ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਇੰਡੀਆ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਕੌਣ ਜਿੱਤਦਾ ਹੈ। ਇਹ ਕਹਿਣ ਦੀ ਲੋੜ ਨਹੀਂ ਹੈ।"

ਇਹ ਵੀ ਪੜ੍ਹੋ: 1999 ਦੇ ਜਬਰ-ਜਨਾਹ ਕੇਸ ਦਾ ਮੁਲਜ਼ਮ 24 ਸਾਲਾਂ ਬਾਅਦ ਕਾਬੂ 

ਅਸੀ ਇਥੇ ਅਪਣੇ ਲਈ ਨਹੀਂ ਸਗੋਂ ਦੇਸ਼ ਨੂੰ ਨਫ਼ਰਤ ਤੋਂ ਬਚਾਉਣ ਲਈ ਇਕੱਠੇ ਹੋਏ : ਅਰਵਿੰਦ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, '9 ਸਾਲ ਪਹਿਲਾਂ ਇਸ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਨੂੰ ਭਾਰੀ ਬਹੁਮਤ ਦਿਤਾ ਸੀ, ਇਨ੍ਹਾਂ ਸਾਲਾਂ 'ਚ ਉਨ੍ਹਾਂ ਨੂੰ ਦੇਸ਼ ਲਈ ਬਹੁਤ ਕੁੱਝ ਕਰਨ ਦਾ ਮੌਕਾ ਮਿਲਿਆ, ਪਰ ਇਨ੍ਹਾਂ 9 ਸਾਲਾਂ 'ਚ ਉਨ੍ਹਾਂ ਨੇ ਇਕ ਸੈਕਟਰ ਵਿਚ ਵੀ ਅਜਿਹਾ ਨਹੀਂ ਕੀਤਾ, ਜਿਸ ਕਾਰਨ ਅਸੀਂ ਕਹਿ ਸਕੀਏ ਕਿ ਤਰੱਕੀ ਹੋਈ ਹੈ”।

ਕੇਜਰੀਵਾਲ ਨੇ ਕਿਹਾ, "ਹਰ ਸੈਕਟਰ ਨੂੰ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਜੇਕਰ ਤੁਸੀਂ ਸੈਕਿੰਡ ਕਲਾਸ ਰੇਲਵੇ ਦੀ ਟਿਕਟ ਲੈ ਕੇ ਸਫ਼ਰ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਚਾਰ-ਪੰਜ ਸਾਲ ਪਹਿਲਾਂ ਰੇਲਵੇ ਵਧੀਆ ਚੱਲਦਾ ਸੀ, ਪਰ ਅੱਜ ਇਹ ਤਬਾਹ ਹੋ ਗਿਆ ਹੈ। ਉਨ੍ਹਾਂ ਨੇ ਆਰਥਿਕਤਾ ਨੂੰ ਬਰਬਾਦ ਕਰ ਦਿਤਾ, ਰੇਲਵੇ ਨੂੰ ਬਰਬਾਦ ਕਰ ਦਿਤਾ, ਸਾਰੇ ਹਵਾਈ ਅੱਡੇ ਵੇਚ ਦਿਤੇ, ਜਹਾਜ਼ ਵੇਚ ਦਿਤੇ, ਅਸਮਾਨ, ਧਰਤੀ ਸੱਭ ਅਪਣੇ ਲੋਕਾਂ ਨੂੰ ਵੇਚ ਦਿਤਾ”। ਉਨ੍ਹਾਂ ਕਿਹਾ, "ਅੱਜ ਦੇਸ਼ ਦਾ ਹਰ ਵਿਅਕਤੀ ਦੁਖੀ ਹੈ। ਨੌਜਵਾਨ, ਕਿਸਾਨ, ਮਜ਼ਦੂਰ, ਵਪਾਰੀ, ਘਰੇਲੂ ਸੱਭ ਦੁਖੀ ਹਨ। ਅੱਜ 26 ਪਾਰਟੀਆਂ ਅਪਣੇ ਲਈ ਇਕੱਠੀਆਂ ਨਹੀਂ ਹੋਈਆਂ। ਜਿਸ ਤਰ੍ਹਾਂ ਦੇਸ਼ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ, ਅਸੀਂ ਦੇਸ਼ ਨੂੰ ਉਸ ਤੋਂ ਬਚਾਉਣਾ ਹੈ"।

ਇਹ ਵੀ ਪੜ੍ਹੋ: ਪੰਜਾਬ ਦੀ ਸ਼ਾਟ ਪੁਟਰ ਮਨਪ੍ਰੀਤ ਕੌਰ ਨੇ 17 ਮੀਟਰ ਦੇ ਥਰੋਅ ਨਾਲ ਜਿਤਿਆ ਕਾਂਸੀ ਦਾ ਤਮਗ਼ਾ

ਕੀ ਭਾਜਪਾ ਵਾਲੇ INDIA ਨੂੰ ਚੁਨੌਤੀ ਦੇਣਗੇ? : ਮਮਤਾ ਬੈਨਰਜੀ

ਪਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਅੱਜ ਦੀ ਮੀਟਿੰਗ ਸਕਾਰਾਤਮਕ ਰਹੀ। ਸਾਡੇ ਗਠਜੋੜ ਵਿਚ 26 ਪਾਰਟੀਆਂ ਹਨ...ਕੀ ਐਨ.ਡੀ.ਏ. ਵਾਲੇ ਇੰਡੀਆ ਨੂੰ ਚੁਨੌਤੀ ਦੇਣਗੇ? ਕੀ ਭਾਜਪਾ ਵਾਲੇ ਇੰਡੀਆ ਨੂੰ ਚੁਨੌਤੀ ਦੇਣਗੇ? ਅਸੀਂ ਭਾਰਤ ਨੂੰ ਬਚਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ... ਭਾਰਤ ਜਿਤੇਗਾ, ਇੰਡੀਆ ਜਿਤੇਗਾ, ਦੇਸ਼ ਜਿਤੇਗਾ, ਭਾਜਪਾ ਹਾਰੇਗੀ”। ਉਧਰ ਸ਼ਿਵ ਸੈਨਾ (ਉਧਵ) ਦੇ ਨੇਤਾ ਊਧਵ ਠਾਕਰੇ ਨੇ ਕਿਹਾ ਕਿ ਦੂਜੀ ਮੀਟਿੰਗ ਸਫ਼ਲ ਰਹੀ ਅਤੇ ਇਹ ਲੜਾਈ ਸਾਡੇ ਪ੍ਰਵਾਰ ਲਈ ਨਹੀਂ, ਬਲਕਿ ਦੇਸ਼ ਹੀ ਸਾਡਾ ਪ੍ਰਵਾਰ ਹੈ।