ਦੁਨੀਆ ਤੋਂ ਖ਼ਤਮ ਹੋ ਜਾਵੇਗੀ ਚਾਕਲੇਟ, ਜਾਣੋ ਕਿਉਂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਸਾਲ ਦਰ ਸਾਲ ਚਾਕਲੇਟ ਦੀ ਖ਼ਪਤ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ।

Chocolate

ਨਵੀਂ ਦਿੱਲੀ: ਭਾਰਤ ਵਿਚ ਸਾਲ ਦਰ ਸਾਲ ਚਾਕਲੇਟ ਦੀ ਖ਼ਪਤ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। 2002 ਵਿਚ ਜਿੱਥੇ ਦੇਸ਼ ਵਿਚ 1.64 ਲੱਖ ਟਨ ਚਾਕਲੇਟ ਦੀ ਖ਼ਪਤ ਸੀ, 2013 ਵਿਚ ਵਧ ਕੇ ਉਹ 2.28 ਲੱਖ ਟਨ 'ਤੇ ਜਾ ਪਹੁੰਚੀ ਹੈ। ਕਰੀਬ 13 ਫ਼ੀਸਦੀ ਦੀ ਦਰ ਨਾਲ ਇਹ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਚਾਕਲੇਟ ਦੇ ਦੀਵਾਨੇ ਹੋ ਤਾਂ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ ਕਿ ਜਿਵੇਂ ਜਿਵੇਂ ਗਲੋਬਲ ਵਾਰਮਿੰਗ ਦਾ ਅਸਰ ਤੇਜ਼ੀ ਨਾਲ ਵਧ ਰਿਹਾ ਹੈ, ਓਵੇਂ ਓਵੇਂ ਇਸ ਦੇ ਖ਼ਤਮ ਹੋਣ ਦਾ ਸ਼ੱਕ ਵਧ ਗਿਆ ਹੈ। ਹੋ ਗਏ ਨਾ ਹੈਰਾਨ? ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਨੇ ਇਸ ਦੇ ਕਾਰਨ?

ਯੂਐਸ ਨੈਸ਼ਨਲ ਓਸੀਏਨਿਕ ਐਂਡ ਐਟਮੋਸਫੇਰਿਕ ਐਡਮਿਸਟ੍ਰੇਸ਼ਨ ਦੀ ਰਿਪੋਰਟ ਮੁਤਾਬਕ ਅਗਲੇ ਆਉਣ ਵਾਲੇ 40 ਸਾਲਾਂ ਵਿਚ ਚਾਕਲੇਟ ਦਾ ਨਾਮੋ ਨਿਸ਼ਾਨ ਖ਼ਤਮ ਹੋ ਜਾਵੇਗਾ। ਚਾਕਲੇਟ ਦੇ ਮੁੱਖ ਸਰੋਤ ਕੋਕੋ ਦੀ ਪੈਦਾਵਾਰ ਲਈ ਤਾਪਮਾਨ 20 ਡਿਗਰੀ ਤੋਂ ਘੱਟ ਹੋਣਾ ਚਾਹੀਦਾ ਹੈ ਪਰ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਚਾਕਲੇਟ ਦੀ ਪੈਦਾਵਾਰ ਲਈ ਖ਼ਤਰਾ ਬਣ ਗਿਆ ਹੈ।

ਅਮਰੀਕੀ ਰਿਪੋਰਟ ਮੁਤਾਬਕ ਵਧਣੇ ਪ੍ਰਦੂਸ਼ਣ, ਆਬਾਦੀ ਅਤੇ ਬਦਲਦੇ ਭੂਗੋਲਿਕ ਸਮੀਕਰਨਾਂ ਦੇ ਚਲਦਿਆਂ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ 30 ਸਾਲਾਂ ਵਿਚ ਧਰਤੀ ਦਾ ਤਾਪਮਾਨ ਕਰੀਬ 2.1 ਡਿਗਰੀ ਸੈਲਸੀਅਸ ਹੋਰ ਵਧ ਜਾਵੇਗਾ। ਜਿਸ ਦਾ ਸਿੱਧਾ ਅਸਰ ਕੋਕੋ ਪਲਾਂਟ ਜਾਂ ਚਾਕਲੇਟ ਤਿਆਰ ਕਰਨ ਵਾਲੇ ਪਲਾਂਟ 'ਤੇ ਪਵੇਗਾ ਕਿਉਂਕਿ ਉਨ੍ਹਾਂ ਨੂੰ ਉਤਪਾਦਨ ਲਈ ਇਕ ਨਿਯਤ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਚਾਕਲੇਟ 'ਤੇ ਵਧਦੇ ਸੰਕਟ ਪਿੱਛੇ ਇਸਦੀ ਪੈਦਾਵਾਰ ਦੇ ਪੁਰਾਣੇ ਤਰੀਕੇ ਵੀ ਕਾਰਨ ਹਨ।

ਮਾਹਿਰਾਂ ਮੁਤਾਬਕ ਦੁਨੀਆ ਵਿਚ ਅਜੇ ਵੀ ਕੋਕੋ ਦੀ 90 ਫ਼ੀਸਦੀ ਪੈਦਾਵਾਰ ਪੁਰਾਣੇ ਰਵਾਇਤੀ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਜੋ ਅੱਜ ਬਦਲਦੇ ਮੌਸਮ ਅਤੇ ਤਾਪਮਾਨ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਨ੍ਹਾਂ ਕਾਰਨਾਂ ਦੇ ਚਲਦੇ ਪੈਦਾਵਾਰ ਵਿਚ ਨਾਂਹ ਦੇ ਬਰਾਬਰ ਵਾਧਾ ਹੋਇਆ ਹੈ। ਮਾਹਿਰ ਹਾਕਿੰਸ ਦੇ ਮੁਤਾਬਕ ਜੇਕਰ ਇਨ੍ਹਾਂ ਪੈਦਾਵਾਰ ਦੇ ਤਰੀਕਿਆਂ ਵਿਚ ਜਲਦੀ ਬਦਲਾਅ ਅਤੇ ਤਕਨੀਕ ਦੀ ਵਰਤੋਂ ਨਾ ਕੀਤੀ ਗਈ ਤਾਂ ਨਤੀਜੇ ਪਰੇਸ਼ਾਨ ਕਰ ਦੇਣ ਵਾਲੇ ਹੋਣਗੇ।

ਮਾਹਿਰਾਂ ਦਾ ਅੰਦਾਜ਼ਾ ਹੈ ਕਿ ਚਾਕਲੇਟ ਇੰਡਸਟਰੀ ਮੁਸ਼ਕਲ ਨਾਲ 10 ਸਾਲ ਕੱਢ ਸਕੇਗੀ। ਯਾਨੀ ਦੁਨੀਆ ਤੋਂ ਖ਼ਤਮ ਹੋਣ ਵਿਚ ਇਸ ਨੂੰ ਸਿਰਫ਼ 40 ਸਾਲ ਲੱਗਣਗੇ। ਜੇਕਰ ਚੰਗੀ ਬਾਰਿਸ਼ ਹੁੰਦੀ ਹੈ ਤਾਂ ਇਸ ਨਾਲ ਪਾਣੀ ਦਾ ਪੱਧਰ ਸੁਧਰੇਗਾ ਅਤੇ ਵਧਦੇ ਤਾਪਮਾਨ 'ਤੇ ਲਗਾਮ ਲੱਗੇਗੀ। ਕੋਕੋ ਦੀ ਪੈਦਾਵਾਰ ਕਰਨ ਵਾਲੇ ਦੇਸ਼ਾਂ ਵਿਚ ਕੋਟੇ ਡੀਆਈਵਰ, ਘਾਨਾ, ਇੰਡੋਨੇਸ਼ੀਆ, ਇਕਵਾਡੋਰ, ਕੈਮਰੂਨ, ਨਾਈਜ਼ੀਰੀਆ, ਬ੍ਰਾਜ਼ੀਲ, ਪਾਪੂਆ ਨਿਊ ਗਿਨੀ ਦੇ ਨਾਮ ਸ਼ਾਮਲ ਨੇ ਜੋ ਵੱਡੀ ਮਾਤਰਾ ਵਿਚ ਕੋਕੋ ਦੀ ਪੈਦਾਵਾਰ ਕਰਦੇ ਹਨ।