ਭਾਰਤ ਖਿਲਾਫ਼ 'ਗਲਤ ਜਾਣਕਾਰੀ' ਫੈਲਾਉਣ ਵਾਲੇ ਅੱਠ ਯੂਟਿਊਬ ਚੈਨਲ ਬਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਚਨਾ ਤਕਨਾਲੋਜੀ ਨਿਯਮ-2021 ਤਹਿਤ ਜਿਨ੍ਹਾਂ ਚੈਨਲਾਂ ਨੂੰ ਬਲਾਕ ਕੀਤਾ ਗਿਆ ਹੈ, ਉਹਨਾਂ ਵਿਚ ਸੱਤ ਭਾਰਤੀ ਨਿਊਜ਼ ਚੈਨਲ ਹਨ।

Centre bans 8 YouTube channels

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵੀਰਵਾਰ ਨੂੰ ਰਾਸ਼ਟਰੀ ਸੁਰੱਖਿਆ, ਦੂਜੇ ਦੇਸ਼ਾਂ ਨਾਲ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੇ ਕਥਿਤ ਪ੍ਰਚਾਰ ਦੇ ਦੋਸ਼ ਵਿਚ ਇਕ ਪਾਕਿਸਤਾਨੀ ਚੈਨਲ ਸਮੇਤ ਅੱਠ ਯੂ-ਟਿਊਬ ਚੈਨਲਾਂ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ।  ਇਹਨਾਂ ਵਿਚ Loktantra TV, U&V TV, AM Razvi, Gouravshali Pawan Mithilanchal, SeeTop5TH , Sarkari Update, Sab Kuch Dekho, News ki Dunya (ਪਾਕਿ) ਚੈਨਲ ਸ਼ਾਮਲ ਹਨ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਹਨਾਂ ਬਲਾਕ ਕੀਤੇ ਚੈਨਲਾਂ ਦੇ 114 ਕਰੋੜ 'ਵਿਊਜ਼' ਅਤੇ 85.73 ਲੱਖ ਸਬਸਕ੍ਰਾਈਬਰ ਹਨ ਅਤੇ ਇਹਨਾਂ ਚੈਨਲਾਂ ਦੀ ਸਮੱਗਰੀ ਤੋਂ ਪੈਸਾ ਕਮਾਇਆ ਜਾ ਰਿਹਾ ਹੈ।

YouTube

ਸੂਚਨਾ ਤਕਨਾਲੋਜੀ ਨਿਯਮ-2021 ਤਹਿਤ ਜਿਨ੍ਹਾਂ ਚੈਨਲਾਂ ਨੂੰ ਬਲਾਕ ਕੀਤਾ ਗਿਆ ਹੈ, ਉਹਨਾਂ ਵਿਚ ਸੱਤ ਭਾਰਤੀ ਨਿਊਜ਼ ਚੈਨਲ ਹਨ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਹਨਾਂ ਯੂਟਿਊਬ ਚੈਨਲਾਂ ਨੇ ਭਾਰਤ ਸਰਕਾਰ ਦੁਆਰਾ ਧਾਰਮਿਕ ਇਮਾਰਤਾਂ ਨੂੰ ਢਾਹੁਣ, ਧਾਰਮਿਕ ਤਿਉਹਾਰ ਮਨਾਉਣ 'ਤੇ ਪਾਬੰਦੀ, ਭਾਰਤ ਵਿਚ ਧਾਰਮਿਕ ਯੁੱਧ ਦਾ ਐਲਾਨ ਵਰਗੇ ਝੂਠੇ ਦਾਅਵੇ ਕੀਤੇ ਹਨ।

YouTube

ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪਾਇਆ ਗਿਆ ਹੈ ਕਿ ਇਹ ਸਮੱਗਰੀ ਦੇਸ਼ ਵਿਚ ਫਿਰਕੂ ਸਦਭਾਵਨਾ ਅਤੇ ਜਨਤਕ ਵਿਵਸਥਾ ਨੂੰ ਵਿਗਾੜ ਸਕਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹਨਾਂ ਯੂਟਿਊਬ ਚੈਨਲਾਂ ਦੀ ਵਰਤੋਂ ਭਾਰਤੀ ਹਥਿਆਰਬੰਦ ਬਲਾਂ ਅਤੇ ਜੰਮੂ-ਕਸ਼ਮੀਰ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਫਰਜ਼ੀ ਖਬਰਾਂ ਪੋਸਟ ਕਰਨ ਲਈ ਵੀ ਕੀਤੀ ਜਾਂਦੀ ਸੀ। ਬਿਆਨ ਵਿਚ ਕਿਹਾ ਗਿਆ ਹੈ, "ਇਹ ਸਮੱਗਰੀ ਰਾਸ਼ਟਰੀ ਸੁਰੱਖਿਆ ਅਤੇ ਦੂਜੇ ਦੇਸ਼ਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਅਤੇ ਪੂਰੀ ਤਰ੍ਹਾਂ ਨਾਲ ਝੂਠੀ ਪਾਈ ਗਈ ਹੈ।"