ਮਮਤਾ ਦੀ ਮੋਦੀ ਨਾਲ ਮੁਲਾਕਾਤ, ਪਛਮੀ ਬੰਗਾਲ ਨੂੰ ਨਵਾਂ ਨਾਮ ਦੇਣ ਦਾ ਮੁੱਦਾ ਚੁਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਾਲ ਲਈ ਮੰਗਿਆ ਵਿਸ਼ੇਸ਼ ਪੈਕੇਜ, ਐਨਆਰਸੀ ਬਾਰੇ ਚਰਚਾ ਨਹੀਂ

Mamata Banerjee To Meet PM Modi, State Issues On Agenda

ਨਵੀਂ ਦਿੱਲੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਰਾਜ ਨੂੰ ਨਵਾਂ ਨਾਮ ਦੇਣ ਦਾ ਮੁੱਦਾ ਚੁਕਿਆ। ਪਛਮੀ ਬੰਗਾਲ ਵਿਧਾਨ ਸਭਾ ਨੇ ਰਾਜ ਨੂੰ ਨਵਾਂ ਨਾਮ 'ਬਾਂਗਲਾ' ਦੇਣ ਦੀ ਤਜਵੀਜ਼ ਪਾਸ ਕਰ ਦਿਤੀ ਹੈ। ਪ੍ਰਧਾਨ ਮੰਤਰੀ ਨਾਲ ਅਪਣੀ ਬੈਠਕ ਨੂੰ ਲਾਭਦਾਇਕ ਦਸਦਿਆਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਛਮੀ ਬੰਗਾਲ ਨੂੰ ਨਵਾਂ ਨਾਮ ਦੇਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਏਜੰਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ 'ਬਾਂਗਲਾ' ਨੂੰ ਧਿਆਨ ਵਿਚ ਰਖਦਿਆਂ ਨਵਾਂ ਨਾਮ ਦੇਣ ਦੀ ਤਜਵੀਜ਼ ਪਾਸ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ ਹੈ। ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨੂੰ ਦੁਰਗਾ ਪੂਜਾ ਮਗਰੋਂ ਦੁਨੀਆਂ ਦੇ ਦੂਜੇ ਸੱਭ ਤੋਂ ਵੱਡੇ ਕੋਲਾ ਬਲਾਕ ਦੇਵਚਾ ਪਚਾਮੀ ਦਾ ਉਦਘਾਟਨ ਕਰਨ ਦਾ ਸੱਦਾ ਵੀ ਦਿਤਾ ਗਿਆ। ਸੂਤਰਾਂ ਮੁਤਾਬਕ ਮਮਤਾ ਨੇ ਪ੍ਰਧਾਨ ਮੰਤਰੀ ਕੋਲੋਂ ਬੰਗਾਲ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ। ਬੈਠਕ ਵਿਚ ਕੌਮੀ ਪੰਜੀਕਰਨ ਦੇ ਮਾਮਲੇ ਦਾ ਜ਼ਿਕਰ ਨਹੀਂ ਹੋਇਆ। ਮਮਤਾ ਨੇ ਪ੍ਰਧਾਨ ਮੰਤਰੀ ਨੂੰ ਕੁੜਤਾ ਅਤੇ ਮਠਿਆਈ ਦਿਤੀ।

ਕੌਮੀ ਨਾਗਰਿਕ ਪੰਜੀਕਰਨ 'ਤੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਆਸਾਮ ਸਮਝੌਤੇ ਦਾ ਹਿੱਸਾ ਹੈ, ਇਸ ਲਈ ਪਛਮੀ ਬੰਗਾਲ ਵਿਚ ਇਸ ਨੂੰ ਲਾਗੂ ਕਰਨ ਦਾ ਕੋਈ ਪ੍ਰਾਵਧਾਨ ਨਹੀਂ। ਉਨ੍ਹਾਂ ਕਿਹਾ ਕਿ ਨਾ ਅਜਿਹੀ ਕੋਈ ਤਜਵੀਜ਼ ਆਈ ਹੈ ਅਤੇ ਨਾ ਅਜਿਹਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਮੋਦੀ ਦੇ ਸਰਕਾਰੀ ਘਰ 'ਤੇ ਦੋਹਾਂ ਆਗੂਆਂ ਦੀ ਮੁਲਾਕਾਤ ਦੀਆਂ ਤਸਵੀਰਾਂ ਟਵਿਟਰ 'ਤੇ ਪਾਈਆਂ ਹਨ। ਬੈਨਰਜੀ ਨੂੰ ਪ੍ਰਧਾਨ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਦਿੰਦਿਆਂ ਵੇਖਿਆ ਗਿਆ।

ਇਸ ਤੋਂ ਪਹਿਲਾਂ, ਭਾਜਪਾ ਦੇ ਜਨਰਲ ਸਕੱਤਰ ਵਿਜੇਵਰਗੀ ਨੇ ਕਿਹਾ ਕਿ ਉਹ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨੂੰ ਮਿਲ ਰਹੀ ਹੈ। ਜੇ ਉਹ ਅਜਿਹਾ ਨਹੀਂ ਕਰੇਗੀ ਤਾਂ ਸਾਰਧਾ ਚਿਟਫ਼ੰਡ ਮਾਮਲੇ ਵਿਚ ਰਾਜ ਦੇ ਅੱਧੇ ਮੰਤਰੀ ਜੇਲ ਵਿਚ ਹੋਣਗੇ।