ਆਰਥਕ ਮੰਦੀ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਚੰਦਰਯਾਨ-2 : ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਚਾਰ ਇੰਜ ਹੋ ਰਿਹੈ ਜਿਵੇਂ ਪਹਿਲਾਂ ਕਦੇ ਅਜਿਹਾ ਮਿਸ਼ਨ ਨਹੀਂ ਚਲਿਆ

Chandrayaan-2 to divert attention from economic disaster: Mamata Banerjee

ਕੋਲਕਾਤਾ : ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਦੀ ਆਰਥਕ ਬਦਹਾਲੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਚੰਦਰਯਾਨ ਮਿਸ਼ਨ ਨੂੰ ਵਰਤਿਆ ਜਾ ਰਿਹਾ ਹੈ। ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਿਸ਼ਨ ਦੀ ਵਰਤੋਂ ਦੇਸ਼ ਵਿਚ ਜਾਰੀ ਆਰਥਕ ਸੰਕਟ ਨੂੰ ਲੁਕਾਉਣ ਲਈ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇੰਜ ਦਰਸਾ ਰਹੀ ਹੈ ਜਿਵੇਂ ਉਸ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਅਜਿਹੇ ਕਿਸੇ ਮਿਸ਼ਨ ਦੀ ਸ਼ੁਰੂਆਤ ਨਹੀਂ ਹੋਈ।

ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਪ੍ਰਚਾਰ ਹੋ ਰਿਹਾ ਹੈ ਜਿਵੇਂ ਦੇਸ਼ ਵਿਚ ਪਹਿਲੀ ਵਾਰ ਚੰਦਰਯਾਨ ਮਿਸ਼ਨ ਲਾਂਚ ਹੋਇਆ ਹੋਵੇ। ਪ੍ਰਧਾਨ ਮੰਤਰੀ ਮੋਦੀ 'ਤੇ ਵਿਅੰਗ ਕਸਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਅਮਰੀਕਾ, ਰੂਸ ਅਤੇ ਇਜ਼ਰਾਇਲ ਨੂੰ ਮੈਨੇਜ ਕਰ ਸਕਦੇ ਹੋ ਪਰ ਬੰਗਾਲ ਨੂੰ ਨਹੀਂ। ਉਨ੍ਹਾਂ ਪਛਮੀ ਬੰਗਾਲ ਵਿਧਾਨ ਸਭਾ ਵਿਚ ਐਨਆਰਸੀ ਸਬੰਧੀ ਮਤੇ 'ਤੇ ਚਰਚਾ ਦੌਰਾਨ ਕੇਂਦਰ 'ਤੇ ਹਮਲਾ ਬੋਲਿਆ।

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਗ੍ਰਿਫ਼ਤਾਰੀ ਅਤੇ ਜੇਲ ਜਾਣ 'ਤੇ ਮਮਤਾ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨ ਅਪਣਾ ਕੰਮ ਕਰੇਗਾ ਪਰ ਭਾਜਪਾ ਸਰਕਾਰ ਨੂੰ ਉਸ ਪਤੀ ਕੁੱਝ ਤਾਂ ਸਤਿਕਾਰ ਵਿਖਾਉਣਾ ਚਾਹੀਦਾ ਸੀ। ਮਮਤਾ ਸਰਕਾਰ ਨੇ ਕੌਮੀ ਨਾਗਰਿਕ ਰਜਿਸਟਰ ਵਿਰੁਧ ਮਤਾ ਪੇਸ਼ ਕੀਤਾ ਜਿਸ ਨੂੰ ਪਾਸ ਵੀ ਕਰਾ ਦਿਤਾ ਗਿਆ। ਭਾਜਪਾ ਨੂੰ ਛੱਡ ਕੇ ਹੋਰ ਸਾਰੀਆਂ ਪਾਰਟੀਆਂ ਨੇ ਮਤੇ ਦਾ ਸਮਰਥਨ ਕੀਤਾ। ਭਾਜਪਾ ਵਿਧਾਇਕ ਸਵਾਧੀਨ ਸਰਕਾਰ ਨੇ ਬੰਗਾਲ ਵਿਚ ਵੀ ਐਨਆਰਸੀ ਦੀ ਮੰਗ ਕੀਤੀ। 12 ਸਤੰਬਰ ਨੂੰ ਮਮਤਾ ਬੈਨਜਰੀ ਆਸਾਮ ਜਾ ਸਕਦੀ ਹੈ।