ਸ਼ਮਸ਼ੇਰ ਦੂਲੋ ਨੇ ਸੰਸਦ ‘ਚ ਚੁੱਕਿਆ ਜ਼ਹਿਰੀਲੀ ਸ਼ਰਾਬ ਦਾ ਮੁੱਦਾ, ਸੀਬੀਆਈ ਜਾਂਚ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਮਸ਼ੇਰ ਦੂਲੋ ਨੇ ਸ਼ਰਾਬ ਦੀਆਂ ਨਾਜਾਇਜ਼ ਫੈਕਟੀਆਂ ‘ਤੇ ਰੋਕ ਲਗਾਉਣ ਦੀ ਕੀਤੀ ਮੰਗ

Congress MP raises Hooch tragedy in RS demands CBI probe

ਨਵੀਂ ਦਿੱਲੀ: ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਅਪਣੀ ਹੀ ਸਰਕਾਰ ਖਿਲਾਫ ਅਵਾਜ਼ ਚੁੱਕਣ ਵਾਲੇ ਕਾਂਗਰਸੀ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਰਾਜ ਸਭਾ ਵਿਚ ਵੀ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਂਡ ਦਾ ਮੁੱਦਾ ਚੁੱਕਿਆ। ਉਹਨਾਂ ਨੇ ਰਾਜ ਸਭਾ ਵਿਚ ਕਥਿਤ ਤੌਰ ‘ਤੇ ਨਾਜਾਇਜ਼ ਸ਼ਰਾਬ ਫੈਕਟਰੀਆਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ।

ਇਸ ਦੌਰਾਨ ਉਹਨਾਂ ਕਿਹਾ ਕਿ ਇਹਨਾਂ ਫੈਕਟਰੀਆਂ ਨੂੰ ਮਿਲ ਰਹੀ ਸਹਿ ਨੂੰ ਰੋਕਣਾ ਚਾਹੀਦਾ ਹੈ। ਉਹਨਾਂ ਨੇ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਪਿਛਲੇ ਮਹੀਨੇ ਇਹਨਾਂ ਨਾਜਾਇਜ਼ ਫੈਕਟਰੀਆਂ ਦੀ ਸ਼ਰਾਬ ਕਾਰਨ ਪੰਜਾਬ ਵਿਚ,136 ਲੋਕਾਂ ਦੀ ਮੌਤ ਹੋ ਗਈ।

150 ਦੇ ਕਰੀਬ ਵਿਅਕਤੀਆਂ ਦਾ ਹਸਪਤਾਲਾਂ ਵਿਚ ਇਲਾਜ ਕਰਵਾਇਆ ਗਿਆ। ਇਸ ਦੇ ਚਲਦਿਆਂ ਕਈ ਲੋਕਾਂ ਦੀਆਂ ਅੱਖਾਂ ਅਤੇ ਗੁਰਦੇ ਖਰਾਬ ਹੋ ਗਏ। ਸੰਸਦ ਵਿਚ ਸ਼ਮਸ਼ੇਰ ਸਿੰਘ ਦੂਲੋ ਨੇ ਜ਼ਹਿਰੀਲੀ ਸ਼ਰਾਬ ਕਾਂਡ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਮੁਆਵਜ਼ੇ ਦੀ ਮੰਗ ਕੀਤੀ।

ਉਹਨਾਂ ਕਿਹਾ ਕਿ ਪੰਜਾਬ ਵਿਚ ਅਜਿਹੀਆਂ ਨੌ ਨਾਜਾਇਜ਼ ਫੈਕਟੀਆਂ ਫੜੀਆਂ ਗਈਆਂ ਹਨ, ਪਰ ਇਹਨਾਂ ਫੈਕਟੀਆਂ ਦੇ ਮਾਲਕ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਉਹਨਾਂ ਦੱਸਿਆ ਕਿ ਇਹ ਸ਼ਰਾਬ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਵਿਚ ਵਿਕ ਰਹੀ ਹੈ। ਉਹਨਾਂ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ।