ਸਿਮਰਨਜੀਤ ਸਿੰਘ ਮਾਨ ਨੇ ਜੰਮੂ-ਕਸ਼ਮੀਰ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਮਿਲਣ 'ਤੇ ਲਖਨਪੁਰ 'ਚ ਕੀਤਾ ਪ੍ਰਦਰਸ਼ਨ
ਕਠੂਆ ਪ੍ਰਸ਼ਾਸਨ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਮਾਨ ਨੇ ਕਿਹਾ, "ਮੈਂ ਇੱਕ ਸਿੱਖ ਹਾਂ, ਇਸ ਲਈ ਭਾਜਪਾ ਅਤੇ ਆਰਐਸਐਸ ਮੈਨੂੰ ਜੰਮੂ-ਕਸ਼ਮੀਰ ਨਹੀਂ ਆਉਣ ਦੇ ਰਹੇ।"
ਜੰਮੂ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਜੰਮੂ-ਕਸ਼ਮੀਰ ਵਿਚ ਦਾਖ਼ਲ ਹੋਣ ਦੀ ਮਨਜ਼ੂਰੀ ਨਾ ਮਿਲਣ ਮਗਰੋਂ ਲਖਨਪੁਰ ਵਿਚ ਰਾਤ ਭਰ ਰੋਸ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਲਖਨਪੁਰ ਪੰਜਾਬ ਨਾਲ ਲੱਗਦੀ ਜੰਮੂ-ਕਸ਼ਮੀਰ ਦੀ ਸਰਹੱਦ ਦੇ ਨੇੜੇ ਸਥਿਤ ਹੈ। ਦਰਅਸਲ ਬੀਤੀ ਸ਼ਾਮ ਸੰਸਦ ਮੈਂਬਰ ਮਾਨ ਨੂੰ ਕਠੂਆ ਦੇ ਜ਼ਿਲ੍ਹਾ ਮੈਜਿਸਟਰੇਟ ਰਾਹੁਲ ਪਾਂਡੇ ਦੇ ਹੁਕਮਾਂ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਾਨ ਅਤੇ ਉਹਨਾਂ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਕਸ਼ਮੀਰ ਜਾਣਾ ਮੇਰਾ ਜਮਹੂਰੀ ਹੱਕ ਹੈ।
ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਪਾਂਡੇ ਨੇ ਕਿਹਾ ਸੀ ਕਿ ਸੀਨੀਅਰ ਪੁਲਿਸ ਕਪਤਾਨ ਵੱਲੋਂ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਮਾਨ ਜੰਮੂ-ਕਸ਼ਮੀਰ 'ਚ ਆ ਰਹੇ ਹਨ ਅਤੇ ਉਹਨਾਂ ਦੀ ਯਾਤਰਾ ਕਾਰਨ “ਜਨਤਕ ਸ਼ਾਂਤੀ ਭੰਗ ਹੋਣ” ਦਾ ਸ਼ੱਕ ਹੈ। ਪਾਂਡੇ ਨੇ ਹੁਕਮ 'ਚ ਕਿਹਾ, ''ਇਸ ਲਈ ਜ਼ਾਬਤਾ ਫੌਜਦਾਰੀ ਦੀ ਧਾਰਾ 144 ਤਹਿਤ ਮੈਨੂੰ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੈਂ ਮਾਨ ਦੇ ਕਠੂਆ ਖੇਤਰ 'ਚ ਦਾਖਲ ਹੋਣ 'ਤੇ ਰੋਕ ਲਗਾਉਂਦਾ ਹਾਂ।''
ਪਾਂਡੇ ਅਤੇ ਐੱਸਐੱਸਪੀ ਰਮੇਸ਼ ਕੋਤਵਾਲ ਰਾਤ ਨੂੰ ਮਾਨ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਨੂੰ ਵਾਪਸ ਜਾਣ ਦੀ ਬੇਨਤੀ ਕੀਤੀ ਪਰ ਮਾਨ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਜੰਮੂ ਕਸ਼ਮੀਰ ਜਾਣ ਤੋਂ ਰੋਕਣ ਲਈ ਕੋਈ ਜਾਇਜ਼ ਕਾਰਨ ਦੱਸਣ ਲਈ ਕਿਹਾ। ਕਠੂਆ ਪ੍ਰਸ਼ਾਸਨ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਮਾਨ ਨੇ ਕਿਹਾ, "ਮੈਂ ਇੱਕ ਸਿੱਖ ਹਾਂ, ਇਸ ਲਈ ਭਾਜਪਾ ਅਤੇ ਆਰਐਸਐਸ ਮੈਨੂੰ ਜੰਮੂ-ਕਸ਼ਮੀਰ ਨਹੀਂ ਆਉਣ ਦੇ ਰਹੇ।"
ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ, ''ਜੰਮੂ ਅਤੇ ਕਸ਼ਮੀਰ 'ਚ ਕੋਈ ਵਿਧਾਨ ਸਭਾ ਨਹੀਂ ਹੈ, ਇੱਥੇ ਫੌਜ ਦਾ ਸ਼ਾਸਨ ਹੈ। ਕੋਈ ਲੋਕਤੰਤਰ ਨਹੀਂ ਹੈ। ਮੈਂ ਕਸ਼ਮੀਰ ਦੇ ਲੋਕਾਂ ਨੂੰ ਮਿਲਣ ਆਇਆ ਸੀ, ਮੈਂ ਖੁਦ ਦੇਖਣਾ ਚਾਹੁੰਦਾ ਸੀ ਕਿ ਉੱਥੇ ਕੀ ਹੋ ਰਿਹਾ ਹੈ (ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰਨ ਤੋਂ ਬਾਅਦ)। ਮੈਂ ਜ਼ਮੀਨੀ ਸਥਿਤੀ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ।'' ਪੰਜਾਬ ਅਤੇ ਕਠੂਆ ਤੋਂ ਮਾਨ ਦੇ ਸਮਰਥਕਾਂ ਦੇ ਧਰਨੇ ਵਾਲੀ ਥਾਂ 'ਤੇ ਪਹੁੰਚਣ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਲਖਨਪੁਰ 'ਚ ਸੁਰੱਖਿਆ ਵਧਾ ਦਿੱਤੀ ਹੈ।
ਮਹਿਬੂਬਾ ਮੁਫ਼ਤੀ ਨੇ ਕੀਤਾ ਟਵੀਟ
ਸਿਮਰਨਜੀਤ ਸਿੰਘ ਮਾਨ ਨੂੰ ਜੰਮੂ-ਕਸ਼ਮੀਰ ’ਚ ਐਂਟਰੀ ਨਾ ਦਿੱਤੇ ਜਾਣ ’ਤੇ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਲਿਖਿਆ ਕਿ ਜੰਮੂ-ਕਸ਼ਮੀਰ ਦੇ “ਆਮ ਹਾਲਾਤ” ਨੂੰ ਦਿਖਾਉਣ ਲਈ ਭਾਰਤ ਸਰਕਾਰ ਵੱਲੋਂ ਮੰਤਰੀਆਂ ਅਤੇ ਪਤਵੰਤਿਆਂ ਲਈ ਮਾਰਗਦਰਸ਼ਨ ਟੂਰ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਅਸਲੀਅਤ ਨੂੰ ਛੁਪਾਉਣ ਲਈ ਸਿਮਰਨਜੀਤ ਮਾਨ ਵਰਗੇ ਲੋਕਾਂ ਨੂੰ ਸੂਬੇ ਵਿਚ ਦਾਖਲ ਹੋਣ ਤੋਂ ਰੋਕਿਆ ਜਾਂਦਾ ਹੈ।