ਭੀਮਾ-ਕੋਰੇਗਾਂਵ ਮਾਮਲਾ : ਵਰਵਰਾ ਰਾਓ 26 ਨਵੰਬਰ ਤੱਕ ਜੂਡੀਸ਼ੀਅਲ ਹਿਰਾਸਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰਟ ਨੇ ਰਾਓ ਨੂੰ ਉਨ੍ਹਾਂ ਦੇ ਹੈਦਰਾਬਾਦ ਸਥਿਤ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਸੀ। ਜਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

Varavara Rao

ਪੁਣੇ , ( ਭਾਸ਼ਾ ) : ਭੀਮਾ-ਕੋਰੇਗਾਂਵ ਮਾਮਲੇ ਵਿਚ ਦੋਸ਼ੀ ਐਕਟੀਵਿਸਟ ਵਰਵਰਾ ਰਾਓ ਨੂੰ ਪੁਣੇ ਸੈਸ਼ਨ ਕੋਰਟ ਨੇ 26 ਨਵੰਬਰ ਤੱਕ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ ਹੈ। ਕੋਰਟ ਨੇ ਰਾਓ ਨੂੰ ਉਨ੍ਹਾਂ ਦੇ ਹੈਦਰਾਬਾਦ ਸਥਿਤ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਸੀ। ਜਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਮਹਾਂਰਾਸ਼ਟਰਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮਹਾਂਰਾਸ਼ਟਰਾ ਪੁਲਿਸ ਨੇ ਵਾਮਪੰਥੀ ਰੁਝਾਨ ਵਾਲੇ ਤੇਲਗੂ ਕਵਿ ਅਤੇ ਲੇਖਕ ਵਰਵਰਾ ਰਾਓ ਨੂੰ ਪੁਣੇ ਕੋਰਟ ਵਿਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ 26 ਨਵੰਬਰ ਤੱਕ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।  

 

 

ਕੋਰਟ ਨੇ ਵਰਵਰਾ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਵੀ ਖਾਰਜ ਕਰ ਦਿਤਾ। ਦੱਸ ਦਈਏ ਕਿ ਵਰਵਰਾ ਰਾਓ ਨੂੰ ਪੁਣੇ ਪੁਲਿਸ ਨੇ ਮਾਓਵਾਦੀਆਂ ਨਾਲ ਕਥਿਤ ਤੌਰ ਤੇ ਸਬੰਧ ਹੋਣ ਦੇ ਚਲਦਿਆਂ ਗ੍ਰਿਫਤਾਰ ਕੀਤਾ ਸੀ। ਮਹਾਂਰਾਸ਼ਟਰਾ ਪੁਲਿਸ ਨੇ ਰਾਓ ਸਮੇਤ ਪੰਜ ਵਰਕਰਾਂ ਅਰੂਣ ਫਰੇਰਾ, ਵਰਨੋਨ, ਸੁਧਾ ਭਾਰਦਵਾਜ ਅਤੇ ਗੌਤਮ ਨਵਲਖਾ ਨੂੰ ਭੀਮਾ-ਕੋਰੇਗਾਂਵ ਹਿੰਸਾ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।

ਇਸ ਮਾਮਲੇ ਵਿਚ ਦਰਜ ਐਫਆਈਆਰ ਦੇ ਆਧਾਰ ਤੇ ਮਹਾਂਰਾਸ਼ਟਰਾ ਪੁਲਿਸ ਨੇ ਪੰਜਾਂ ਨੂੰ 28 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਹੀ ਇਹ ਵਰਕਰ ਨਜ਼ਰਬੰਦ ਸਨ। ਪੁਣੇ ਸੈਸ਼ਨ ਕੋਰਟ ਨੇ ਇਸੇ ਮਹੀਨੇ ਭੀਮਾ-ਕੋਰੇਗਾਂਵ ਹਿੰਸਾਂ ਵਿਚ ਦੋਸ਼ੀ ਅਰੂਣ ਫਰੇਰਾ, ਵਰਨੋਨ, ਅਤੇ  ਸੁਧਾ ਭਾਰਦਵਾਜ ਨੂੰ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ ਸੀ।

ਇਸ ਤੋਂ ਪਹਿਲਾਂ ਕੋਰਟ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿਤੀ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਪੁਣੇ ਦੇ ਨੇੜੇ ਭੀਮਾ-ਕੋਰੇਗਾਂਵ ਵਿਚ ਜਾਤੀ ਹਿੰਸਾ ਭੜਕ ਪਈ ਸੀ। ਇਸ ਹਿੰਸਾ ਵਿਚ 1 ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮਹਾਂਰਾਸ਼ਟਰਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹਿੰਸਾ ਫੈਲ ਗਈ ਸੀ।