ਅੱਤਵਾਦ ਨੂੰ ਕਿਸੇ ਧਰਮ ਜਾਂ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ : ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹ ਨੇ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਤਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਾ ਹੈ"।

Terrorism should not be linked to any religion, says Amit Shah

 

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਫੰਡਿੰਗ ਨੂੰ ਅੱਤਵਾਦ ਨਾਲੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਕਿਸੇ ਧਰਮ, ਕੌਮੀਅਤ ਜਾਂ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਰਾਜਧਾਨੀ ਦੇ ਹੋਟਲ ਤਾਜ ਪੈਲੇਸ 'ਚ 'ਨੋ ਮਨੀ ਫਾਰ ਟੈਰਰ' ਵਿਸ਼ੇ 'ਤੇ ਤੀਜੇ ਮੰਤਰੀ ਪੱਧਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਅੱਤਵਾਦੀਆਂ ਨੂੰ ਸੁਰੱਖਿਆ ਦੇਣਾ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਬਰਾਬਰ ਹੈ ਅਤੇ ਇਹ ਸਾਰੇ ਦੇਸ਼ਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਜਿਹੇ ਤੱਤ ਅਤੇ ਅਜਿਹੇ ਦੇਸ਼ ਕਦੇ ਵੀ ਆਪਣੇ ਇਰਾਦਿਆਂ ਵਿਚ ਕਾਮਯਾਬ ਨਹੀਂ ਹੋਣੇ ਚਾਹੀਦੇ।

ਉਹਨਾਂ ਨੇ ਇਹ ਵੀ ਕਿਹਾ ਕਿ ਅੱਤਵਾਦੀ ਹਿੰਸਾ ਨੂੰ ਅੰਜਾਮ ਦੇਣ, ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਵਿੱਤੀ ਸਰੋਤ ਜੁਟਾਉਣ ਅਤੇ ਸਾਈਬਰ ਕ੍ਰਾਈਮ ਸਾਧਨਾਂ ਦੀ ਵਰਤੋਂ ਕਰਕੇ ਅਤੇ ਆਪਣੀ ਪਛਾਣ ਛੁਪਾ ਕੇ ਕੱਟੜਪੰਥੀ ਸਮੱਗਰੀ ਫੈਲਾਉਣ ਲਈ ਲਗਾਤਾਰ ਨਵੇਂ ਤਰੀਕੇ ਲੱਭ ਰਹੇ ਹਨ। ਸ਼ਾਹ ਨੇ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਤਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਾ ਹੈ। ਪਰ ਮੇਰਾ ਮੰਨਣਾ ਹੈ ਕਿ ਅੱਤਵਾਦ ਦੀ ਫੰਡਿੰਗ, ਅੱਤਵਾਦ ਨਾਲੋਂ ਜ਼ਿਆਦਾ ਖ਼ਤਰਨਾਕ ਹੈ। ਇਸ ਤੋਂ ਇਲਾਵਾ ਅੱਤਵਾਦ ਫੰਡਿੰਗ ਦੁਨੀਆ ਦੇ ਦੇਸ਼ਾਂ ਦੀ ਆਰਥਿਕਤਾ ਨੂੰ ਕਮਜ਼ੋਰ ਕਰਦੀ ਹੈ”।

ਉਹਨਾਂ ਕਿਹਾ,''ਅਸੀਂ ਇਹ ਵੀ ਮੰਨਦੇ ਹਾਂ ਕਿ ਅੱਤਵਾਦ ਦੇ ਖਤਰੇ ਨੂੰ ਕਿਸੇ ਧਰਮ, ਕੌਮੀਅਤ ਜਾਂ ਸਮੂਹ ਨਾਲ ਨਹੀਂ ਜੋੜਿਆ ਜਾ ਸਕਦਾ”। ਉਹਨਾਂ ਕਿਹਾ ਕਿ ਭਾਰਤ ਨੇ ਸੁਰੱਖਿਆ ਨੂੰ ਮਜ਼ਬੂਤ ​​ਕਰਨ 'ਚ ਮਹੱਤਵਪੂਰਨ ਤਰੱਕੀ ਕੀਤੀ ਹੈ। ਅੱਤਵਾਦ ਦਾ ਮੁਕਾਬਲਾ ਕਰਨ ਲਈ ਬੁਨਿਆਦੀ ਢਾਂਚੇ ਦੇ ਨਾਲ-ਨਾਲ ਕਾਨੂੰਨੀ ਅਤੇ ਵਿੱਤੀ ਪ੍ਰਣਾਲੀਆਂ ਦਾ ਵਿਕਾਸ ਕੀਤਾ ਗਿਆ ਹੈ। ਪਾਕਿਸਤਾਨ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਕੁਝ ਦੇਸ਼ ਅਜਿਹੇ ਹਨ ਜੋ ਅੱਤਵਾਦ ਨਾਲ ਲੜਨ ਦੀਆਂ ਸਮੂਹਿਕ ਕੋਸ਼ਿਸ਼ਾਂ ਨੂੰ ਕਮਜ਼ੋਰ ਅਤੇ ਨਸ਼ਟ ਕਰਨਾ ਚਾਹੁੰਦੇ ਹਨ।

ਉਹਨਾਂ ਕਿਹਾ, ''ਕੁਝ ਦੇਸ਼ ਅੱਤਵਾਦੀਆਂ ਦੀ ਸੁਰੱਖਿਆ ਕਰਦੇ ਹਨ ਅਤੇ ਉਹਨਾਂ ਨੂੰ ਪਨਾਹ ਵੀ ਦਿੰਦੇ ਹਨ। ਕਿਸੇ ਅੱਤਵਾਦੀ ਨੂੰ ਬਚਾਉਣਾ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ। ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਜਿਹੇ ਤੱਤ ਅਤੇ ਅਜਿਹੇ ਦੇਸ਼ ਕਦੇ ਵੀ ਆਪਣੇ ਇਰਾਦਿਆਂ ਵਿਚ ਕਾਮਯਾਬ ਨਾ ਹੋਣ।