ਹੁਣ ਕਿਰਾਏਦਾਰਾਂ ਰਾਹੀਂ ਟੈਕਸ ਚੋਰੀ ਕਰਨ ਵਾਲਿਆਂ 'ਤੇ ਕੱਸੀ ਜਾਵੇਗੀ ਨਕੇਲ
ਇਨਕਮ ਟੈਕਸ ਵਿਭਾਗ ਮੁਤਾਬਕ 50 ਹਜ਼ਾਰ ਤੋਂ ਵੱਧ ਅਜਿਹੇ ਕਿਰਾਏਦਾਰ ਹਨ, ਜਿਹਨਾਂ ਦੇ ਮਕਾਨ ਮਾਲਕ ਅਪਣੀ ਇਨਕਮ ਟੈਕਸ ਰਿਟਰਨ ਫਾਈਲ ਵਿਚ ਕਿਰਾਏ ਦੀ ਰਕਮ ਨੂੰ ਨਹੀਂ ਦਰਸਾ ਰਹੇ।
ਨੋਇਡਾ, ( ਪੀਟੀਆਈ) : ਇਨਕਮ ਟੈਕਸ ਵਿਭਾਗ ਨੇ ਕਿਰਾਏਦਾਰਾਂ ਰਾਹੀਂ ਟੈਕਸ ਚੋਰੀ ਕਰਨ ਵਾਲਿਆਂ 'ਤੇ ਨਕੇਲ ਕੱਸੇ ਜਾਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਵਿਭਾਗ ਨੇ ਆਨਰ ਐਸੋਸੀਏਸ਼ਨ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਮਦਦ ਨਾਲ 15 ਹਜ਼ਾਰ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਹਨਾਂ ਕਿਰਾਏਦਾਰਾਂ ਨੂੰ ਜਨਵਰੀ ਦੇ ਪਹਿਲੇ ਹਫਤੇ ਵਿਚ ਨੋਟਿਸ ਭੇਜ ਕੇ ਤਲਬ ਕੀਤਾ ਜਾਵੇਗਾ। ਇਨਕਮ ਟੈਕਸ ਵਿਭਾਗ ਦਾ ਮੰਨਣਾ ਹੈ ਕਿ ਸ਼ਹਿਰ ਵਿਚ 50 ਹਜ਼ਾਰ ਤੋਂ ਵੱਧ ਅਜਿਹੇ ਕਿਰਾਏਦਾਰ ਹਨ,
ਜਿਹਨਾਂ ਦੇ ਮਕਾਨ ਮਾਲਕ ਅਪਣੀ ਇਨਕਮ ਟੈਕਸ ਰਿਟਰਨ ਫਾਈਲ ਵਿਚ ਕਿਰਾਏ ਦੀ ਰਕਮ ਨੂੰ ਨਹੀਂ ਦਰਸਾ ਰਹੇ। ਜਦਕਿ ਮਕਾਨ ਮਾਲਕਾਂ ਨੂੰ ਲੱਖਾਂ ਰੁਪਏ ਦੀ ਕਮਾਈ ਹੋ ਰਹੀ ਹੈ। ਅਜਿਹੇ ਲੋਕਾਂ 'ਤੇ ਕਾਰਵਾਈ ਦੇ ਲਈ ਕਿਰਾਏਦਾਰਾਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਵਿਭਾਗ ਨੂੰ ਕਿਰਾਏਦਾਰਾਂ ਦੀ ਸੂਚੀ ਏਓਏ ਅਤੇ ਆਰਡਬਲਊਏ ਤੋਂ ਮਿਲਣੀ ਸ਼ੁਰੂ ਹੋ ਗਈ ਹੈ।ਵਿਭਾਗ ਨੇ 85 ਤੋਂ ਵੱਧ ਪੋਸ਼ ਸੁਸਾਇਟੀਆਂ ਵਿਚ ਨੋਟਿਸ ਭੇਜੇ ਹਨ। ਵਿਭਾਗ ਨੂੰ ਉਹਨਾਂ ਨੋਟਿਸਾਂ ਦੇ ਜਵਾਬ ਮਿਲਣੇ ਵੀ ਸ਼ੁਰੂ ਹੋ ਗਏ ਹਨ।
ਇਨਕਮ ਟੈਕਸ ਵਿਭਾਗ ਦੇ ਤਿੰਨ ਇਨਕਮ ਟੈਕਸ ਅਧਿਕਾਰੀ ਲਗੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 15 ਹਜ਼ਾਰ ਤੋਂ ਵੱਧ ਕਿਰਾਏਦਾਰਾਂ ਦੀ ਸੂਚਨਾ ਮਿਲ ਚੁੱਕੀ ਹੈ। ਵਿਭਾਗ ਨੂੰ 50 ਹਜ਼ਾਰ ਕਿਰਾਏਦਾਰਾਂ ਦੀ ਸੂਚਨਾ ਮਿਲਣ ਦਾ ਅੰਦਾਜ਼ਾ ਹੈ। ਜਨਵਰੀ ਦੇ ਪਹਿਲੇ ਹਫਤੇ ਵਿਚ ਹੀ 15 ਹਜ਼ਾਰ ਕਿਰਾਏਦਾਰਾਂ ਨੂੰ ਨੋਟਿਸ ਭੇਜ ਕੇ ਉਹਨਾਂ ਦੇ ਮਕਾਨ ਮਾਲਕਾਂ ਦੀ ਜਾਇਦਾਦ ਅਤੇ ਕਿਰਾਏ ਨਾਲ ਸਬੰਧਤ ਸੂਚਨਾ ਮੰਗੀ ਜਾਵੇਗੀ। ਇਸ ਜਾਣਕਾਰੀ ਰਾਹੀਂ ਪਤਾ ਲਗਾਇਆ ਜਾਵੇਗਾ ਕਿ ਉਹ ਕਿੰਨੀ ਦੇਰ ਤੋਂ ਕਿਰਾਏ ਤੇ ਰਹਿ ਰਹੇ ਹਨ,
ਉਹਨਾਂ ਦਾ ਮਹੀਨਾਵਾਰੀ ਕਿਰਾਇਆ ਕਿੰਨਾ ਹੈ ਅਤੇ ਹਰ ਸਾਲ ਉਹਨਾਂ ਦੇ ਕਿਰਾਏ ਵਿਚ ਕਿੰਨਾ ਵਾਧਾ ਹੁੰਦਾ ਹੈ। ਜਾਣਕਾਰੀ ਦੇ ਆਧਾਰ 'ਤੇ ਇਹ ਵੀ ਦੇਖਿਆ ਜਾਵੇਗਾ ਕਿ ਕਿਤੇ ਰਿਟਰਨ ਫਾਈਲ ਵਿਚ ਦਰਜ ਬੈਂਕ ਖਾਤੇ ਅਤੇ ਕਿਰਾਏ ਤੋਂ ਹਾਸਲ ਹੋ ਰਹੀ ਰਕਮ ਦਾ ਬੈਂਕ ਖਾਤਾ ਵੱਖ ਤਾਂ ਨਹੀਂ ਹੈ। ਕਿਰਾਏਦਾਰਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਮਕਾਨ ਮਾਲਕ ਦੀ ਇਨਕਮ ਟੈਕਸ ਰਿਟਰਨ ਫਾਈਲ ਤੋਂ ਜਾਂਚ ਕੀਤੀ ਜਾਵੇਗੀ। ਦੇਖਿਆ ਜਾਵੇਗਾ ਕਿ ਮਕਾਨ ਮਾਲਕ ਨੇ ਰਿਟਰਨ ਫਾਈਲ ਵਿਚ ਕਿਰਾਏ ਦੀ ਰਕਮ ਨੂੰ ਸ਼ਾਮਲ ਕੀਤਾ ਹੈ ਜਾਂ ਨਹੀਂ।