ਰਿਟਾਇਰ ਸੂਬੇਦਾਰ ਮੇਜਰ ਨੇ ਪਾਸ ਕੀਤੀ 10ਵੀਂ ਜਮਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

79 ਸਾਲ ਦੀ ਉਮਰ ਵਿੱਚ ਪਾਸ ਕੀਤੀ 10ਵੀਂ ਜਮਾਤ

File Photo

ਉੱਤਰਾਖੰਡ- ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ, ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ, ਰਿਟਾਇਰ ਸੀ.ਆਰ.ਪੀ.ਐੱਫ ਸੂਬੇਦਾਰ ਮੇਜਰ ਦਾਨੀ ਰਾਮ ਨੇ। ਦਾਨੀ ਨੇ ਰਾਸ਼ਟਰੀ ਮੁਕਤ ਸਕੂਲ ਸੰਸਥਾ ਤੋਂ 10ਵੀਂ ਦੀ ਪ੍ਰੀਖਿਆ 60 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਹੈ। 79 ਸਾਲ ਦੇ ਦਾਨੀ ਰਾਮ ਉੱਤਰਾਖੰਡ 'ਚ ਊਧਮ ਸਿੰਘ ਨਗਰ ਜ਼ਿਲੇ ਦੇ ਖਟੀਮਾ ਇਲਾਕੇ ਦੇ ਰਹਿਣ ਵਾਲੇ ਹਨ।

ਪਹਿਲੀ ਸ਼੍ਰੇਣੀ ਵਿਚ ਪਾਸ ਹੋਣ 'ਤੇ ਦਾਨੀ ਰਾਮ ਨੇ ਕਿਹਾ ਕਿ ਹਾਈ ਸਕੂਲ ਪਾਸ ਨਾ ਹੋਣ ਕਾਰਨ ਅਸਿਸਟੈਂਟ ਕਮਾਂਡੇਂਟ ਨਾ ਬਣ ਸਕਣ ਦੀ ਕਸਕ ਸੀ, ਜੋ ਹੁਣ ਜਾ ਕੇ ਪੂਰੀ ਹੋਈ। ਹੁਣ ਅਹੁਦਾ ਨਾ ਸਹੀ ਪਰ ਹਾਈ ਸਕੂਲ ਪਾਸ ਦਾ ਸਰਟੀਫਿਕੇਟ ਤਾਂ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਕੂਲੀ ਸਿੱਖਿਆ ਜਵਾਨੀ ਸਮੇਂ ਪੂਰੀ ਨਹੀਂ ਹੋ ਸਕੀ ਸੀ।

ਸੀ. ਆਰ. ਪੀ. ਐੱਫ. 'ਚ ਸੇਵਾ ਦੌਰਾਨ ਉਹ ਘੱਟ ਤੋਂ ਘੱਟ ਅਸਿਸਟੈਂਟ ਕਮਾਂਡੇਂਟ ਦੇ ਅਹੁਦੇ ਤੋਂ ਰਿਟਾਇਰ ਹੋਣਾ ਚਾਹੁੰਦੇ ਸਨ ਪਰ ਸਿੱਖਿਆ ਦੀ ਕਮੀ ਕਾਰਨ ਉਨ੍ਹਾਂ ਦੀ ਪ੍ਰਮੋਸ਼ਨ ਨਹੀਂ ਹੋ ਸਕੀ। ਦਾਨੀ ਰਾਮ ਦੱਸਦੇ ਹਨ ਕਿ ਉਨ੍ਹਾਂ ਨੇ ਉਦੋਂ ਹੀ ਇਹ ਫੈਸਲਾ ਲੈ ਲਿਆ ਸੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਪੜ੍ਹਾਈ ਜ਼ਰੂਰ ਕਰਨਗੇ। ਜਾਣਕਾਰੀ ਮੁਤਾਬਕ ਉਹ 21-ਬਟਾਲੀਅਨ ਨੇਫਾ ਅਰੁਣਾਚਲ 'ਚ ਤਾਇਨਾਤ ਰਹੇ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਸ਼ ਹਨ ਕਿ ਮੈਂ ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰ ਲਈ ਹੈ। ਮੇਰੀ ਧੀ ਮਾਸਟਰਸ ਕਰ ਰਹੀ ਹੈ, ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਅਤੇ ਉਸ ਦੀ ਮਦਦ ਨਾਲ ਹੀ ਮੇਰੀ ਪੜ੍ਹਾਈ ਪੂਰੀ ਹੋਈ। ਦਾਨੀ ਨੇ ਕਿਹਾ ਕਿ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਹਰ ਇਕ ਨੂੰ ਆਪਣੀ ਜ਼ਿੰਦਗੀ 'ਚ ਸਫਲ ਹੋਣ ਲਈ ਪੜ੍ਹਾਈ ਕਰਨੀ ਚਾਹੀਦੀ ਹੈ। ਗਿਆਨ ਤੋਂ ਬਿਨਾਂ ਅਸੀਂ ਸਫਲਤਾ ਹਾਸਲ ਨਹੀਂ ਕਰ ਸਕਦੇ।