15 ਸਾਲਾਂ ਬਾਅਦ ਰੇਲਵੇ ਸਟੇਸ਼ਨਾਂ 'ਤੇ ਮੁੜ ਤੋਂ ਮਿਲੇਗੀ ਕੁੱਜੇ ਵਾਲੀ ਚਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਹਾਂ ਸਟੇਸ਼ਨਾਂ ਦੀ ਮੰਗ ਪੂਰੀ ਕਰਨ ਲਈ ਮਿੱਟੀ ਦੇ ਭਾਂਡਿਆਂ ਦਾ ਉਤਪਾਦਨ ਰੋਜ਼ਾਨਾ ਢਾਈ ਲੱਖ ਤੱਕ ਪਹੁੰਚ ਜਾਵੇਗਾ।

kulhad tea cups

ਨਵੀਂ ਦਿੱਲੀ : ਭਾਰਤੀ ਰੇਲਵੇ ਸਟੇਸ਼ਨਾਂ 'ਤੇ ਫਿਰ ਤੋਂ ਕੁੱਜੇ ਵਾਲੀ ਚਾਹ ਦਾ ਮਜ਼ਾ ਲਿਆ ਜਾ ਸਕਦਾ ਹੈ। ਅੱਜ ਤੋਂ 15 ਸਾਲ ਪਹਿਲਾਂ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸਟੇਸ਼ਨਾਂ 'ਤੇ ਕੁੱਜੇ ਵਾਲੀ ਚਾਹ ਵੇਚਣ ਦਾ ਐਲਾਨ ਕੀਤਾ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਸਟੇਸ਼ਨਾਂ 'ਤੇ ਗੰਦਗੀ ਨਾ ਫੈਲੇ ਅਤੇ ਕੁੱਜੇ ਬਣਾਉਣ ਵਾਲਿਆਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਮਿਲ ਸਕੇ। ਹੌਲੀ-ਹੌਲੀ ਪਲਾਸਟਿਕ ਅਤੇ ਕਾਗਜ਼ ਦੇ ਕੱਪਾਂ ਨੇ ਰੇਲਵੇ ਸਟੇਸ਼ਨਾਂ 'ਤੇ ਕੁੱਜਿਆਂ ਦੀ ਥਾਂ ਲੈ ਲਈ।

ਹੁਣ ਰੇਲ ਮੰਤਰੀ ਪੀਊਸ਼ ਗੋਇਲ ਮੁੜ ਤੋਂ ਕੁੱਜੇ ਵਾਲੀ ਚਾਹ ਦੀ ਵਾਪਸੀ 'ਤੇ ਵਿਚਾਰ ਕਰ ਰਹੇ ਹਨ। ਅਜੇ ਵਾਰਾਣਸੀ ਅਤੇ ਰਾਏਬਰੇਲੀ ਸਟੇਸ਼ਨਾਂ 'ਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਟੇਰਾਕੋਟਾ ਜਾਂ ਮਿੱਟੀ ਤੋਂ ਬਣੇ ਕੁੱਜਿਆਂ, ਗਲਾਸਾਂ ਅਤੇ ਪਲੇਟਾਂ ਦੀ ਵਰਤੋਂ ਦੇ ਨਿਰਦੇਸ਼ ਦਿਤੇ ਗਏ ਹਨ। ਉਤਰ ਰੇਲਵੇ ਅਤੇ ਉਤਰ ਪੂਰਬ ਰੇਲਵੇ ਦੇ ਮੁਖ ਵਪਾਰਕ ਪ੍ਰਬੰਧਨ ਬੋਰਡ ਵੱਲੋਂ ਜਾਰੀ ਸੂਚਨਾ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ ਯਾਤਰੀਆਂ ਨੂੰ ਤਾਜ਼ਗੀ ਦਾ ਅਹਿਸਾਸ ਹੋਵੇਗਾ

ਸਗੋਂ ਅਪਣੀ ਹੋਂਦ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਥਾਨਕ ਬੇਰੁਜ਼ਗਾਰਾਂ ਨੂੰ ਵੀ ਵੱਡਾ ਬਜ਼ਾਰ ਮਿਲੇਗਾ। ਰੇਲਵੇ ਦੇ ਸਰਕੂਲਰ ਮੁਤਾਬਕ ਜ਼ੋਨਲ ਰੇਲਵੇ ਅਤੇ ਆਈਆਰਸੀਟੀਸੀ ਨੂੰ ਸਲਾਹ ਦਿਤੀ ਗਈ ਹੈ ਕਿ ਉਹ ਤੁਰਤ ਪ੍ਰਭਾਵ ਤੋਂ ਵਾਰਾਣਸੀ ਅਤੇ ਰਾਏਬਰੇਲੀ ਰੇਲਵੇ ਸਟੇਸ਼ਨਾਂ ਦੀਆਂ ਸਾਰੀਆਂ ਇਕਾਈਆਂ ਵਿਚ ਯਾਤਰੀਆਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇਣ ਲਈ ਸਥਾਨਕ ਤੌਰ 'ਤੇ ਬਣਾਏ ਗਏ ਉਤਪਾਦਾਂ, ਟੇਰਾਕੋਟਾ ਜਾਂ ਫਿਰ ਪੱਕੀ ਮਿੱਟੀ ਦੇ ਕੁੱਜਿਆਂ,  ਗਲਾਸਾਂ  ਅਤੇ ਪਲੇਟਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਤਾਂ ਕਿ ਸਥਾਨਕ ਘੁਮਿਆਰ

ਅਸਾਨੀ ਨਾਲ ਅਪਣੇ ਉਤਪਾਦ ਬੇਚ ਸਕਣ। ਖਾਦੀ ਅਤੇ ਪਿੰਡ ਉਦਯੋਗ ਕਮਿਸ਼ਨ ਦੇ ਪ੍ਰਧਾਨ ਵੀ.ਕੇ.ਸਕਸੈਨਾ ਵੱਲੋਂ ਦਸੰਬਰ ਵਿਚ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚਿੱਠੀ ਰਾਹੀਂ ਇਹ ਸੁਝਾਅ ਦਿਤਾ ਗਿਆ ਸੀ ਕਿ ਇਹਨਾਂ ਦੋਨਾਂ ਸਟੇਸ਼ਨਾਂ ਦੀ ਵਰਤੋਂ ਇਲਾਕੇ ਦੇ ਨੇੜਲੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਸ ਹੈ ਕਿ ਦੋਹਾਂ ਸਟੇਸ਼ਨਾਂ ਦੀ ਮੰਗ ਪੂਰੀ ਕਰਨ ਲਈ  ਮਿੱਟੀ ਦੇ ਭਾਂਡਿਆਂ ਦਾ ਉਤਪਾਦਨ ਰੋਜ਼ਾਨਾ ਢਾਈ ਲੱਖ ਤੱਕ ਪਹੁੰਚ ਜਾਵੇਗਾ।